ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 5
ਰਾਜਧਾਨੀ ‘ਚ ਵਧਦੇ ਹਵਾ ਪ੍ਰਦੂਸ਼ਣ ਵਿਚਾਲੇ 22 ਲੱਖ ਵਾਹਨ ਸੜਕਾਂ ‘ਤੇ ਦੌੜ ਰਹੇ ਹਨ, ਜਿਨ੍ਹਾਂ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹਨ। ਇਨ੍ਹਾਂ ਵਿੱਚੋਂ 19 ਲੱਖ ਦੋ ਪਹੀਆ ਵਾਹਨ ਹਨ। ਦਿੱਲੀ ਟਰਾਂਸਪੋਰਟ ਵਿਭਾਗ ਨੇ ਇਸ ਸਾਲ 15 ਨਵੰਬਰ ਤੱਕ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਵਾਹਨਾਂ ਦੇ 2.4 ਚਲਾਨ ਕੀਤੇ ਹਨ।
ਦਿੱਲੀ ਵਿੱਚ ਇਸ ਸਮੇਂ 97 ਲੱਖ ਚਾਰ ਪਹੀਆ ਅਤੇ ਦੋਪਹੀਆ ਵਾਹਨ ਰਜਿਸਟਰਡ ਹਨ। ਇਨ੍ਹਾਂ ‘ਚੋਂ 27.8 ਲੱਖ ਕਾਰਾਂ ਹਨ। ਇਸ ਵਿੱਚ 8.4 ਲੱਖ ਸੀਐਨਜੀ ਅਤੇ 2.5 ਲੱਖ ਇਲੈਕਟ੍ਰਿਕ ਕਾਰਾਂ ਸ਼ਾਮਲ ਹਨ। ਜਦਕਿ 69.8 ਲੱਖ ਦੋ ਪਹੀਆ ਵਾਹਨ ਰਜਿਸਟਰਡ ਹਨ। ਹੈਰਾਨੀ ਦੀ ਗੱਲ ਹੈ ਕਿ ਦੋਪਹੀਆ ਵਾਹਨ ਚਾਲਕ ਪ੍ਰਦੂਸ਼ਣ ਸਰਟੀਫਿਕੇਟ ਸਬੰਧੀ ਨਿਯਮਾਂ ਦੀ ਸਭ ਤੋਂ ਵੱਧ ਉਲੰਘਣਾ ਕਰ ਰਹੇ ਹਨ। ਜੇਕਰ ਟਰਾਂਸਪੋਰਟ ਵਿਭਾਗ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਲਗਭਗ 19 ਲੱਖ ਦੋਪਹੀਆ ਵਾਹਨਾਂ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹਨ। ਇਸ ਦੇ ਨਾਲ ਹੀ ਕਰੀਬ ਤਿੰਨ ਲੱਖ ਚਾਰ ਪਹੀਆ ਵਾਹਨਾਂ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹਨ। ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਵਾਹਨ ਚਲਾਉਣ ਵਾਲਿਆਂ ‘ਤੇ 10,000 ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਹੈ।







