ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 2
ਰਾਜਧਾਨੀ ਵਿੱਚ ਬਿਜਲੀ ਅਤੇ ਪਾਣੀ ਦੀ ਮੰਗ ਵਧਣ ਨਾਲ ਸਿਆਸੀ ਟਕਰਾਅ ਵਧਦਾ ਜਾ ਰਿਹਾ ਹੈ। ਅੱਜ ਚਾਣਕਿਆਪੁਰੀ ਦੇ ਸੰਜੇ ਕੈਂਪ ਅਤੇ ਓਖਲਾ ਫੇਜ਼ 2 ਦੇ ਦੋ ਵੀਡੀਓ ਸਾਹਮਣੇ ਆਏ ਹਨ। ਜਿਸ ਵਿੱਚ ਸਥਾਨਕ ਲੋਕ ਪਾਣੀ ਲਈ ਵਾਟਰ ਬੋਰਡ ਦੇ ਟੈਂਕਰ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ।
ਪਾਣੀ ਦੇ ਸੰਕਟ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਦੇ ਟੈਂਕਰ ਓਖਲਾ ਫੇਜ਼ 2 ਅਤੇ ਚਾਣਕਿਆਪੁਰੀ ਦੇ ਸੰਜੇ ਕੈਂਪ ਵਿੱਚ ਪਹੁੰਚੇ। ਜਿੱਥੇ ਲੋਕ ਪਾਣੀ ਲੈਣ ਲਈ ਟੈਂਕਰ ਦੇ ਉੱਪਰ ਚੜ੍ਹ ਗਏ ਅਤੇ ਪਾਣੀ ਲਈ ਤਰਲੋ-ਮੱਛੀ ਹੋਏ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਦੀ ਰਿਕਾਰਡ ਤੋੜ ਮੰਗ ਨੂੰ ਪੂਰਾ ਕਰਨ ਲਈ ਆਪਣੀ ਪਿੱਠ ਥਪਥਪਾਈ ਹੈ, ਪਰ ਪਾਣੀ ਦੀ ਕਮੀ ‘ਤੇ ਉਨ੍ਹਾਂ ਨੇ ਕੇਂਦਰ ਤੋਂ ਯੂਪੀ ਅਤੇ ਹਰਿਆਣਾ ਸਰਕਾਰਾਂ ਨੂੰ ਵਾਧੂ ਪਾਣੀ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖ ਕੇ ਵਾਧੂ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਗਰਮੀ ਵਿੱਚ ਪੂਰੇ ਦੇਸ਼ ਵਿੱਚ ਬਹੁਤ ਜਿਆਦਾ ਗਰਮੀ ਪੈ ਰਹੀ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ। ਪਿਛਲੇ ਸਾਲ ਦਿੱਲੀ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 7438 ਮੈਗਾਵਾਟ ਸੀ, ਜਦੋਂ ਕਿ ਇਸ ਸਾਲ ਬਿਜਲੀ ਦੀ ਸਭ ਤੋਂ ਵੱਧ ਮੰਗ 8302 ਮੈਗਾਵਾਟ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਭੱਖਦੀ ਦੀ ਗਰਮੀ ਵਿੱਚ ਪਾਣੀ ਦੀ ਮੰਗ ਬਹੁਤ ਵਧ ਗਈ ਹੈ। ਇਸ ਦੇ ਨਾਲ ਹੀ ਗੁਆਂਢੀ ਰਾਜਾਂ ਨੇ ਦਿੱਲੀ ਨੂੰ ਸਪਲਾਈ ਹੋਣ ਵਾਲੇ ਪਾਣੀ ਨੂੰ ਘਟਾ ਦਿੱਤਾ ਹੈ। ਇਸ ਤਰ੍ਹਾਂ ਮੰਗ ਵਧੀ ਹੈ ਅਤੇ ਸਪਲਾਈ ਘਟੀ ਹੈ।
ਉਨ੍ਹਾਂ ਪਾਣੀ ਦੀ ਕਿੱਲਤ ਦੇ ਮਾਮਲੇ ਵਿੱਚ ਭਾਜਪਾ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਇਸ ਸਮੇਂ ਸਾਨੂੰ ਰਾਜਨੀਤੀ ਕਰਨ ਦੀ ਬਜਾਏ ਦਿੱਲੀ ਵਾਸੀਆਂ ਨੂੰ ਰਾਹਤ ਦੇਣ ਲਈ ਰਲ ਕੇ ਪਹਿਲਕਦਮੀ ਕਰਨੀ ਚਾਹੀਦੀ ਹੈ। ਜੇਕਰ ਭਾਜਪਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਸਰਕਾਰਾਂ ਨਾਲ ਗੱਲ ਕਰਕੇ ਇੱਕ ਮਹੀਨੇ ਲਈ ਦਿੱਲੀ ਨੂੰ ਪਾਣੀ ਦਿਵਾਏ ਤਾਂ ਦਿੱਲੀ ਦੇ ਲੋਕ ਇਸ ਕਦਮ ਦੀ ਬਹੁਤ ਸ਼ਲਾਘਾ ਕਰਨਗੇ।







