ਫੈਕਟ ਸਮਾਚਾਰ ਸੇਵਾ
ਰੂਪਨਗਰ, ਜਨਵਰੀ 17
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਜਨ ਔਸ਼ਧੀ ਕੇਂਦਰ ਮਰੀਜ਼ਾਂ ਲਈ ਬਣਾਈ ਗਈ ਕੰਟੀਨ ਸਮੇਤ ਆਯੁਰਵੈਦਿਕ ਡਿਸਪੈਂਸਰੀ ਦੀ ਪੁਰਾਣੀ ਇਮਾਰਤ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੀ ਸਹੂਲੀਅਤ ਨੂੰ ਦੇਖਦੇ ਹੋਏ ਜਨ ਔਸ਼ਧੀ ਕੇਂਦਰ ਵਿਖੇ ਦਵਾਈਆਂ ਦੇ ਸਟਾਕ ਵਿਚ ਕੋਈ ਕਮੀ ਨਾ ਆਵੇ ਅਤੇ ਇਸ ਦੇ ਸਟਾਕ ਦੀ ਸਮੀਖਿਆ ਵੀ ਹਫਤਾਵਰ ਕੀਤੀ ਜਾਵੇ ਜਿਸ ਉਪਰੰਤ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸਿਵਲ ਹਸਪਤਾਲ ਵਿਖੇ ਚੱਲ ਰਹੀਂ ਆਯੁਰਵੈਦਿਕ ਡਿਸਪੈਂਸਰੀ ਲਈ ਇੱਕ ਕਮਰਾ ਹੋਣ ਕਰਕੇ ਮਰੀਜ਼ਾਂ ਦੇ ਇਲਾਜ ਕਰਨ ਲਈ ਕਾਫੀ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ 5 ਲੱਖ ਰੁਪਏ ਦੀ ਲਾਗਤ ਨਾਲ ਇਸ ਡਿਸਪੈਂਸਰੀ ਦਾ ਨਵੀਨੀਕਰਨ ਕੀਤਾ ਜਾਵੇਗਾ।
ਡਾ. ਪ੍ਰੀਤੀ ਯਾਦਵ ਵਲੋਂ ਸਿਵਲ ਹਸਪਤਾਲ ਵਿਖੇ ਕੰਟੀਨ ਦਾ ਵੀ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਥੇ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਪੁੱਛਿਆ ਜਿਸ ਉਪਰੰਤ ਉਨ੍ਹਾਂ ਵਲੋ ਸਰਕਾਰੀ ਹਸਪਤਾਲ ਦਾ ਮੁਕੰਮਲ ਤੌਰ ਉਤੇ ਦੌਰਾ ਕੀਤਾ ਗਿਆ।
ਉਨ੍ਹਾਂ ਹਾਜ਼ਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਹਸਪਤਾਲ ਵਿਖੇ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਇਲਾਜ ਸਮੇਤ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਵਿਸ਼ੇਸ਼ ਤੌਰ ਉਤੇ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ, ਕੈਂਸਰ ਰਾਹਤ ਕੋਸ਼ ਮੁੱਖ ਮੰਤਰੀ, ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ ਅਤੇ ਮੁਫਤ ਜਣੇਪਾ ਆਦਿ ਸਕੀਮਾਂ ਦੀ ਜਾਣਕਾਰੀ ਵੱਧ ਤੋਂ ਵੱਧ ਦੇਣ।
ਡਿਪਟੀ ਕਮਿਸ਼ਨਰ ਨੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਜਰਨਲ ਵਾਰਡਾਂ ਅਤੇ ਬਾਥਰੂਮਾਂ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਹਦਾਇਤ ਦਿੱਤੀ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਸੁਰਤਾਪੁਰ ਵਿਖੇ ਨਵੇਂ ਬਣ ਰਹੇਂ ਆਮ ਆਦਮੀ ਕਲੀਨਿਕ ਅਤੇ ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਡੀ.ਐਮ.ਸੀ. ਡਾ. ਬਲਦੇਵ ਸਿੰਘ, ਏ.ਐਮ.ਓ. ਡਾ. ਗੁਰਪ੍ਰੀਤ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।







