ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਕੀਤੀ ਗੱਲਬਾਤ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 14

ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਵਾਢੀ ਵਿੱਚ ਹੁਣ ਤੇਜ਼ੀ ਆ ਗਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਮੰਡੀਆਂ ਵਿੱਚ ਜਾ ਕੇ ਅਤੇ ਖੇਤਾਂ ਵਿੱਚ ਪਹੁੰਚ ਕਰਕੇ ਲਗਾਤਾਰ ਕਿਸਾਨਾਂ ਨਾਲ ਝੋਨੇ ਦੀ ਖ਼ਰੀਦ ਅਤੇ ਪਰਾਲੀ ਪ੍ਰਬੰਧਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ ਪਟਿਆਲਾ ਅਨਾਜ ਮੰਡੀ ਵਿਖੇ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਉਪਰਾਲਿਆਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਏਡੀਸੀ ਇਸ਼ਾ ਸਿੰਗਲ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੰਨ ਸੀਟੂ ਤੇ ਐਕਸ ਸੀਟੂ ਦੋਵੇਂ ਤਕਨੀਕਾਂ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਪੂਰੀ ਮਸ਼ੀਨਰੀ ਉਪਲਬੱਧ ਹੈ ਤੇ ਜਿਥੇ ਕਿਸਾਨ ਨੂੰ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਪਿੰਡ ਪੱਧਰ ਤੱਕ ਵਿਲੇਜ਼ ਲੈਵਲ, ਨੋਡਲ ਅਫ਼ਸਰ ਤੇ ਕਲੱਸਟਰ ਅਫ਼ਸਰ ਲਗਾਏ ਗਏ ਹਨ, ਉਥੇ ਕਿਸਾਨ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ 0175-2350550 ਵੀ ਜਾਰੀ ਕੀਤਾ ਹੋਇਆ ਹੈ ਤੇ ਪੰਜਾਬ ਸਰਕਾਰ ਵੱਲੋਂ ਮਸ਼ੀਨਰੀ ਦੀ ਬੁਕਿੰਗ ਲਈ ’ਉੱਨਤ ਕਿਸਾਨ’ ਐਪ ਵੀ ਬਣਾਈ ਗਈ ਹੈ ਜਿੱਥੋਂ ਕਿਸਾਨ ਆਸਾਨੀ ਨਾਲ ਆਪਣੇ ਨੇੜੇ ਮੌਜੂਦ ਮਸ਼ੀਨ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਵੀ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਲਈ ਨਵੀਨਤਮ ਤਕਨੀਕਾਂ ਅਪਣਾਉਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 108 ਖ਼ਰੀਦ ਕੇਂਦਰਾਂ ਵਿਚੋਂ ਹੁਣ ਤੱਕ 103 ਵਿੱਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ ਅਤੇ ਕੱਲ੍ਹ ਤੱਕ ਮੰਡੀਆਂ ‘ਚ 1 ਲੱਖ 19 ਹਜ਼ਾਰ 799 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਵਿੱਚੋਂ 1 ਲੱਖ 5 ਹਜ਼ਾਰ 142 ਮੀਟ੍ਰਿਕ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਖ਼ਰੀਦੇ ਗਏ ਝੋਨੇ ਵਿਚੋਂ ਪਨਗਰੇਨ ਵੱਲੋਂ 40550 ਮੀਟਰਿਕ ਟਨ, ਮਾਰਕਫੈਡ ਵੱਲੋਂ 27064 ਮੀਟਰਿਕ ਟਨ, ਪਨਸਪ ਵੱਲੋਂ 26957 ਮੀਟਰਿਕ ਟਨ ਅਤੇ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 10571 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਜਦਕਿ ਵਾਪਰੀਆਂ ਵੱਲੋਂ ਹਾਲੇ ਤੱਕ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ।

Leave a Reply

Your email address will not be published. Required fields are marked *

View in English