ਕੁਰੂਕਸ਼ੇਤਰ : ਹਰਿਆਣਾ ‘ਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਗੁੱਸੇ ‘ਚ ਆਏ ਕਿਸਾਨ ਕੁਰੂਕਸ਼ੇਤਰ ਦੇ ਸ਼ਾਹਬਾਦ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 (ਜੀ.ਟੀ. ਰੋਡ) ‘ਤੇ 20 ਘੰਟਿਆਂ ਤੋਂ ਜਾਮ ਲੱਗੇ ਹੋਏ ਹਨ। ਉਧਰ ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਬੰਦ ਦੇ ਸੱਦੇ ਨੂੰ ਫਿਲਹਾਲ ਵਾਪਸ ਲੈ ਲਿਆ ਹੈ। ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ ਵਿੱਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਫਿਲਹਾਲ ਜੀ.ਟੀ ਰੋਡ ਹੀ ਜਾਮ ਰਹੇਗੀ।
ਖ਼ਰਾਬ ਮੌਸਮ ਦੇ ਮੱਦੇਨਜ਼ਰ ਹਰਿਆਣਾ ਵਿੱਚ ਹੋਰ ਕਿਤੇ ਵੀ ਸੜਕ ਜਾਮ ਨਹੀਂ ਕੀਤਾ ਜਾਵੇਗਾ। ਹਾਲਾਂਕਿ ਚੜੂਨੀ ਨੇ ਕਿਸਾਨ ਆਗੂਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਜੇਕਰ ਜੀ.ਟੀ.ਰੋਡ ‘ਤੇ ਕਿਸਾਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਰੰਤ ਸੂਬੇ ਭਰ ‘ਚ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਗੁਰਨਾਮ ਸਿੰਘ ਚੜੂਨੀ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਸ਼ਾਹਬਾਦ ‘ਚ ਕੱਲ੍ਹ ਤੋਂ ਜੀ.ਟੀ ਰੋਡ ਜਾਮ ਹੈ। ਉਨ੍ਹਾਂ ਦੀ ਮੰਗ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇ। ਰਾਤ ਨੂੰ ਭਾਰੀ ਮੀਂਹ ਪਿਆ ਹੈ, ਇੰਨੀ ਤੇਜ਼ ਬਾਰਿਸ਼ ਤੇ ਝੱਖੜ ਵਿੱਚ ਵੀ ਜੀ.ਟੀ.ਰੋਡ ’ਤੇ ਕਿਸਾਨ ਜਾਮ ਲੱਗੇ ਹੋਏ ਹਨ।







