ਫੈਕਟ ਸਮਾਚਾਰ ਸੇਵਾ
ਤਰਨ ਤਾਰਨ, ਨਵੰਬਰ 3
ਤਰਨ ਤਾਰਨ ਉਪ ਚੋਣ ਲਈ ਮਾਣਯੋਗ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ, ਆਈ.ਏ.ਐੱਸ. ਵੱਲੋਂ ਅੱਜ ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਸੈੱਲ ਤਰਨ ਤਾਰਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਐੱਮ.ਸੀ.ਐੱਮ.ਸੀ. ਸੈੱਲ ਵੱਲੋਂ ਪ੍ਰਿੰਟ, ਇਲੈਕਟ੍ਰੋਨਿਕ, ਸੋਸ਼ਲ ਮੀਡੀਆ ਵਿੱਚ ਸਿਆਸੀ ਇਸ਼ਤਿਹਾਰਬਾਜ਼ੀ, ਪ੍ਰੀ-ਸਰਟੀਫਿਕੇਸ਼ਨ ਦੀ ਜਾਣਕਾਰੀ ਲੈਣ ਤੋਂ ਇਲਾਵਾ ਪੇਡ ਨਿਊਜ਼ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਸੈੱਲ, ਤਰਨ ਤਾਰਨ ਦੀ ਕਾਰਗੁਜ਼ਾਰੀ ਉੱਪਰ ਆਪਣੀ ਤਸੱਲੀ ਜ਼ਾਹਰ ਕੀਤੀ।
ਜਨਰਲ ਅਬਜ਼ਰਵਰ ਪੁਸ਼ਪਾ ਸਤਿਆਨੀ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰ ਤੇ ਬਣੀ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਵੱਲੋਂ ਪ੍ਰਿੰਟ, ਇਲੈੱਕਟ੍ਰਾਨਿਕ ਅਤੇ ਸੋਸ਼ਲ ਮੀਡੀਆਤੇ 24 ਘੰਟੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸਬੰਧਿਤ ਸਾਰੀਆਂ ਖ਼ਬਰਾਂ ਨੂੰ ਬਰੀਕੀ ਨਾਲ ਵਾਚਿਆ ਜਾਵੇ ਤਾਂ ਜੋ ਪੇਡ ਨਿਊਜ਼ ਤੇ ਫੇਕ ਨਿਊਜ਼ ਨੂੰ ਰੋਕਿਆ ਜਾ ਸਕੇ।
ਜਨਰਲ ਅਬਜ਼ਰਵਰ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਬਲਕ ਐੱਸ.ਐੱਮ.ਐੱਸ ਤੇ ਵਾਈਸ ਮੈਸੇਜ, ਇਲੈਕਟ੍ਰੋਨਿਕ ਮੀਡੀਆ ਟੀ.ਵੀ. ਤੇ ਕੇਬਲ ਚੈਨਲ, ਜਨਤਕ ਥਾਵਾਂ `ਤੇ ਆਡੀਓ-ਵੀਜ਼ੂਅਲ ਰਾਜਨੀਤਿਕ ਮੁਹਿੰਮ, ਇੰਟਰਨੈੱਟ ਅਤੇ ਸੋਸ਼ਲ ਮੀਡੀਆ, ਰੇਡੀਓ, ਈ-ਪੇਪਰ, ਸਿਨੇਮਾ ਹਾਲ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰਬਾਜ਼ੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰਾਂ ਪ੍ਰਿੰਟ ਮੀਡੀਆ ਵਿੱਚ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਕੋਈ ਵੀ ਸਿਆਸੀ ਇਸ਼ਤਿਹਾਰ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛਪ ਸਕਦਾ ਹੈ।
ਉਨ੍ਹਾਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ, ਬਲਕ ਐੱਸ.ਐੱਮ.ਐੱਸ, ਈ-ਪੇਪਰ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰ ਐੱਮ.ਸੀ.ਐੱਮ.ਸੀ. ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਨਾ ਲਗਾਇਆ ਜਾਵੇ।
ਇਸ ਮੌਕੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਸੈੱਲ ਦੇ ਮੈਂਬਰ ਸਕੱਤਰ ਡੀ.ਪੀ.ਆਰ.ਓ. ਇੰਦਰਜੀਤ ਸਿੰਘ, ਐੱਮ.ਸੀ.ਐੱਮ.ਸੀ. ਟੀਮ ਦੇ ਮੈਂਬਰ ਨਵੀਨ ਕਾਲੀਆ, ਅਜੀਤ ਪਾਲ ਸਿੰਘ, ਸੁਰਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਰਜਿੰਦਰਪਾਲ ਸਿੰਘ, ਬਲਰਾਜ ਸਿੰਘ, ਸੁਖਮਿੰਦਰ ਸਿੰਘ, ਇਮਰਾਨ ਸ਼ਾਹ, ਅਜੇਪਾਲ ਸਿੰਘ, ਕੁਲਦੀਪਕ ਸਿੰਘ, ਰਜਿੰਦਰ ਕੌਰ, ਅਰਸ਼ਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਵੀ ਹਾਜ਼ਰ ਸਨ।







