ਚੀਨ ਦੇ ਯਿਨਚੁਆਨ ‘ਚ ਰੈਸਟੋਰੈਂਟ ‘ਚ ਧਮਾਕਾ, 31 ਦੀ ਮੌਤ

ਫੈਕਟ ਸਮਾਚਾਰ ਸੇਵਾ

ਬੀਜਿੰਗ , ਜੂਨ 22

ਚੀਨ ਦੇ ਇੱਕ ਰੈਸਟੋਰੈਂਟ ਵਿੱਚ ਐਲਪੀਜੀ ਲੀਕ ਹੋਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਚੀਨ ਦੇ ਉੱਤਰ-ਪੱਛਮੀ ਸ਼ਹਿਰ ਯਿਨਚੁਆਨ ਦੀ ਹੈ। ਇਹ ਧਮਾਕਾ ਤਰਲ ਪੈਟਰੋਲੀਅਮ ਗੈਸ ਦੇ ਲੀਕ ਹੋਣ ਕਾਰਨ ਹੋਇਆ। ਇਸ ਹਾਦਸੇ ‘ਚ 7 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਡਰੈਗਨ ਬੋਟ ਫੈਸਟੀਵਲ ਦੌਰਾਨ ਵਾਪਰਿਆ ਹਾਦਸਾ

ਇਹ ਧਮਾਕਾ ਦੇਰ ਰਾਤ ਕਰੀਬ 9 ਵਜੇ ਹੋਇਆ। ਯਿਨਚੁਆਨ ਚੀਨ ਦੇ ਨਿੰਜੀਆਂ ਸੂਬੇ ਦੀ ਰਾਜਧਾਨੀ ਹੈ। ਦੱਸ ਦੇਈਏ ਕਿ ਚੀਨ ਵਿੱਚ ਇਨ੍ਹੀਂ ਦਿਨੀਂ ਤਿੰਨ ਦਿਨਾਂ ਡਰੈਗਨ ਬੋਟ ਫੈਸਟੀਵਲ ਚੱਲ ਰਿਹਾ ਹੈ। ਅਜਿਹੇ ‘ਚ ਵੱਡੀ ਗਿਣਤੀ ‘ਚ ਲੋਕ ਬਾਹਰ ਜਾਂਦੇ ਹਨ ਅਤੇ ਦੋਸਤਾਂ ਨਾਲ ਪਾਰਟੀ ਕਰਦੇ ਹਨ।

ਰਾਸ਼ਟਰਪਤੀ ਜਿਨਪਿੰਗ ਨੇ ਸੁਰੱਖਿਆ ਵਿਵਸਥਾ ਮਜ਼ਬੂਤ ​​ਕਰਨ ਦੇ ਦਿੱਤੇ ਨਿਰਦੇਸ਼

ਘਟਨਾ ਦੀ ਸੂਚਨਾ ਤੋਂ ਬਾਅਦ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਜਿਸ ਰੈਸਟੋਰੈਂਟ ‘ਚ ਧਮਾਕਾ ਹੋਇਆ, ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਰੈਸਟੋਰੈਂਟ ਦੇ ਨੇੜੇ ਕਈ ਹੋਰ ਰੈਸਟੋਰੈਂਟ ਵੀ ਹਨ, ਜਿਸ ਕਾਰਨ ਅੱਗ ਹੋਰ ਰੈਸਟੋਰੈਂਟਾਂ ਤੱਕ ਵੀ ਫੈਲਣ ਦਾ ਖਤਰਾ ਸੀ ਪਰ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਘਟਨਾ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਿਰਦੇਸ਼ ਦਿੱਤਾ ਕਿ ਸਾਰੇ ਉਦਯੋਗਾਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ।

Leave a Reply

Your email address will not be published. Required fields are marked *

View in English