ਗੰਗਾ ਇਸ਼ਨਾਨ ਲਈ ਜਾ ਰਹੇ ਸ਼ਰਧਾਲੂਆਂ ਦੀ ਟ੍ਰੈਕਟਰ ਟਰਾਲੀ ਪਲਟੀ, 19 ਦੀ ਮੌਤ

ਫੈਕਟ ਸਮਾਚਾਰ ਸੇਵਾ

ਕਾਸਗੰਜ , ਫਰਵਰੀ 24

ਯੂਪੀ ‘ਚ ਅੱਜ ਸਵੇਰੇ ਏਟਾ ਦੇ ਪਿੰਡ ਕਾਸਾ ਪੂਰਵੀ ਤੋਂ ਗੰਗਾ ਇਸ਼ਨਾਨ ਲਈ ਜਾ ਰਹੇ ਪਿੰਡ ਵਾਸੀਆਂ ਦਾ ਟਰੈਕਟਰ ਬਦਾਯੂੰ ਹਾਈਵੇਅ ‘ਤੇ ਸਥਿਤ ਛੱਪੜ ‘ਚ ਸਮਾ ਗਿਆ। ਹਾਦਸੇ ‘ਚ 19 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਇਕ ਦਰਜਨ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਤੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਦੋ ਦਰਜਨ ਤੱਕ ਪਹੁੰਚ ਸਕਦੀ ਹੈ।

ਏਟਾ ਦੇ ਜੈਥਰਾ ਥਾਣਾ ਖੇਤਰ ਕਸਾ ਪੂਰਬੀ ਪਿੰਡ ਦੇ ਦੋ ਦਰਜਨ ਤੋਂ ਵੱਧ ਪਿੰਡ ਵਾਸੀ ਕਾਦਰਗੰਜ ਗੰਗਾ ਘਾਟ ‘ਤੇ ਇਸ਼ਨਾਨ ਲਈ ਟਰੈਕਟਰ ‘ਤੇ ਨਿਕਲੇ ਸਨ। ਟਰੈਕਟਰ-ਟਰਾਲੀ ‘ਚ ਔਰਤਾਂ ਦੇ ਨਾਲ-ਨਾਲ ਕਈ ਬੱਚੇ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 11 ਵਜੇ ਦਰਿਆਬਗੰਜ ਨੇੜੇ ਹਾਈਵੇਅ ‘ਤੇ ਟਰੈਕਟਰ ਦੀ ਕਪਲਿੰਗ ਅਚਾਨਕ ਟੁੱਟ ਗਈ ਜਿਸ ਕਾਰਨ ਟਰੈਕਟਰ ਤੇ ਟਰਾਲੀ ਬੇਕਾਬੂ ਹੋ ਕੇ ਛੱਪੜ ‘ਚ ਜਾ ਡਿੱਗੇ। ਇਸ ਤੋਂ ਬਾਅਦ ਚੀਕ-ਚਿਹਾੜਾ ਮਚ ਗਿਆ।

ਹਾਈਵੇਅ ਤੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਛੱਪੜ ‘ਚੋਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਦੁਪਹਿਰ 12 ਵਜੇ ਤੱਕ 15 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ। ਇਸ ਤੋਂ ਬਾਅਦ ਚਾਰ ਹੋਰ ਲਾਸ਼ਾਂ ਬਰਾਮਦ ਹੋਈਆਂ। ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪਿੰਡ ਕਸਾ ਪੂਰਬੀ ਦੇ ਲੋਕ ਉਥੇ ਪਹੁੰਚ ਗਏ ਤੇ ਛੱਪੜ ਦੇ ਕੰਢਿਆਂ ਕੰਢੇ ਹਫੜਾ-ਦਫੜੀ ਮਚ ਗਈ। ਭੀੜ ਕਾਰਨ ਹਾਈਵੇਅ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।

Leave a Reply

Your email address will not be published. Required fields are marked *

View in English