ਫੈਕਟ ਸਮਾਚਾਰ ਸੇਵਾ
ਗੁਰੂਗ੍ਰਾਮ , ਅਗਸਤ 1
ਗੁਰੂਗ੍ਰਾਮ ‘ਚ ਭਾਰੀ ਮੀਂਹ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਮੀਂਹ ਦੇ ਪਾਣੀ ਵਿੱਚ ਕਰੰਟ ਫੈਲ ਗਿਆ। ਇਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। 3 ਵਿਅਕਤੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਭਾਰੀ ਬਰਸਾਤ ਦੌਰਾਨ ਇਫਕੋ ਚੌਕ ਮੈਟਰੋ ਸਟੇਸ਼ਨ ਨੇੜੇ ਇਕ ਦਰੱਖਤ ਨਾਲ ਬਿਜਲੀ ਦੀ ਤਾਰ ਟੁੱਟ ਕੇ ਹੇਠਾਂ ਸੜਕ ‘ਤੇ ਜਾ ਡਿੱਗੀ। ਇਸ ਕਾਰਨ ਪਾਣੀ ਵਿੱਚ ਕਰੰਟ ਫੈਲ ਗਿਆ। ਕਰੰਟ ਲੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਤਿੰਨੋਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਇਫਕੋ ਚੌਕ ਮੈਟਰੋ ਸਟੇਸ਼ਨ ਜਾ ਰਹੇ ਸਨ।
ਪੁਲਿਸ ਅਨੁਸਾਰ ਦਿੱਲੀ ਦੇ ਸੰਗਮ ਵਿਹਾਰ ਦਾ ਰਹਿਣ ਵਾਲਾ ਵਸੀਮ, ਦੇਵੇਂਦਰ ਵਾਜਪਾਈ ਵਾਸੀ ਉਨਾਵ, ਉੱਤਰ ਪ੍ਰਦੇਸ਼ ਅਤੇ ਜੈਪਾਲ ਯਾਦਵ ਵਾਸੀ ਮਹਿੰਦਰਗੜ੍ਹ ਮਾਨੇਸਰ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸਨ। ਸਾਰੇ ਦੇਰ ਰਾਤ 11 ਵਜੇ ਇਫਕੋ ਚੌਕ ਮੈਟਰੋ ਸਟੇਸ਼ਨ ਵੱਲ ਜਾ ਰਹੇ ਸਨ। ਮੈਟਰੋ ਸਟੇਸ਼ਨ ਨੇੜੇ ਇਕ ਦਰੱਖਤ ਨਾਲ ਬਿਜਲੀ ਦੀ ਤਾਰ ਟੁੱਟ ਕੇ ਹੇਠਾਂ ਸੜਕ ‘ਤੇ ਡਿੱਗ ਗਈ।
ਇਹ ਤਿੰਨੇ ਤਾਰਾਂ ਦੀ ਲਪੇਟ ‘ਚ ਆ ਗਏ। ਆਸ-ਪਾਸ ਦੇ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਤਿੰਨਾਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਵਿੱਚੋਂ ਇੱਕ ਡਰਾਈਵਰ ਵਜੋਂ ਕੰਮ ਕਰਦਾ ਸੀ, ਜੋ ਇੱਕ ਅਪਾਰਟਮੈਂਟ ਵਿੱਚ ਆਪਣੀ ਕਾਰ ਪਾਰਕ ਕਰਕੇ ਆਪਣੇ ਕਮਰੇ ਵਿੱਚ ਵਾਪਸ ਆ ਰਿਹਾ ਸੀ। ਦੂਜਾ ਆਈਐਮਟੀ ਮਾਨੇਸਰ ਸਥਿਤ ਮਲਹੋਤਰਾ ਟਰਾਂਸਪੋਰਟ ਕੰਪਨੀ ਤੋਂ ਵਾਪਸ ਆ ਰਿਹਾ ਸੀ। ਪਾਣੀ ਜ਼ਿਆਦਾ ਜਮ੍ਹਾ ਹੋਣ ਕਾਰਨ ਕਾਫੀ ਦੇਰ ਬਾਅਦ ਲਾਸ਼ਾਂ ਦਾ ਪਤਾ ਲੱਗਾ।







