ਫੈਕਟ ਸਮਾਚਾਰ ਸੇਵਾ
ਯੇਰੂਸ਼ਲਮ , ਅਕਤੂਬਰ 18
ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 12 ਦਿਨਾਂ ਤੋਂ ਜੰਗ ਜਾਰੀ ਹੈ, ਜਿਸ ‘ਚ ਕਰੀਬ 5 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਮੰਗਲਵਾਰ ਨੂੰ ਗਾਜ਼ਾ ਦੇ ਇਕ ਹਸਪਤਾਲ ‘ਚ ਧਮਾਕਾ ਹੋਇਆ, ਜਿਸ ‘ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਹਮਲੇ ਤੋਂ ਤੁਰੰਤ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇੱਕ ਟਵੀਟ ਕੀਤਾ, ਜਿਸ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ। ਹੁਣ ਟਵੀਟ ਨੂੰ ਡਿਲੀਟ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੋਵੇਂ ਇਸ ਹਮਲੇ ਲਈ ਇਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ। ਇਕ ਪਾਸੇ ਇਜ਼ਰਾਈਲ ਹਮਾਸ ‘ਤੇ ਦੋਸ਼ ਲਗਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਫਲਸਤੀਨੀ ਰਾਜਦੂਤ ਨੇ ਨੇਤਨਯਾਹੂ ਨੂੰ ਝੂਠਾ ਕਰਾਰ ਦਿੱਤਾ ਹੈ।
ਦਰਅਸਲ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਉਸ ਪੋਸਟ ਨੂੰ ਹਟਾ ਦਿੱਤਾ ਜਿਸ ਵਿੱਚ ਨੇਤਨਯਾਹੂ ਨੇ ਕਿਹਾ ਸੀ ਕਿ ਇਹ ਟਕਰਾਅ ਹਨੇਰੇ ਅਤੇ ਰੌਸ਼ਨੀ ਦੇ ਬੱਚਿਆਂ ਵਿਚਾਲੇ ਹੈ। ਇਹ ਮਨੁੱਖਤਾ ਅਤੇ ਜੰਗਲ ਰਾਜ ਦੇ ਵਿਚਾਲੇ ਦੀ ਲੜਾਈ ਹੈ। ਹਾਲਾਂਕਿ ਇਹ ਪੋਸਟ ਵਿਧਾਨ ਸਭਾ ਵਿੱਚ ਨੇਤਨਯਾਹੂ ਦੀ ਟਿੱਪਣੀ ‘ਤੇ ਸੀ, ਜੋ ਰਿਕਾਰਡ ਵਿੱਚ ਹੈ।







