ਫੈਕਟ ਸਮਾਚਾਰ ਸੇਵਾ
ਪਟਿਆਲਾ, ਜੁਲਾਈ 17
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਨੇ ਕਾਫ਼ੀ ਨੁਕਸਾਨ ਕੀਤਾ ਹੈ ਪਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੜ੍ਹ ਪੀੜਤ ਲੋਕਾਂ ਦੀ ਸਾਰ ਲੈਕੇ ਇਸ ਨੁਕਸਾਨ ਨੂੰ ਘੱਟ ਕਰਨ ਦਾ ਉਪਰਾਲਾ ਕੀਤਾ ਹੈ।
ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਵਿਖੇ ਨਵ-ਨਿਯੁਕਤ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੁਰ ਸਿੰਘ ਵੱਲੋਂ ਆਪਣਾ ਅਹੁੱਦਾ ਸੰਭਾਲਣ ਮੌਕੇ ਪੁੱਜੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਨੂੰ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ, ਇਸ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਹੋਰ ਫੰਡ ਜਾਰੀ ਕਰੇ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ, ਪੁੱਲਾਂ, ਫ਼ਸਲਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਪੁੱਜੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਹਰ ਨੁਕਸਾਨ ਦੀ ਪੂਰਤੀ ਕਰਨ ਲਈ ਵਚਨਬੱਧ ਹੈ।
ਇਸ ਦੌਰਾਨ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਮੌਕੇ ਐਨ.ਆਰ.ਆਈ. ਮਾਮਲੇ ਮੰਤਰੀ ਨੇ ਤਾਜਾ ਹੜ੍ਹਾਂ ਦੌਰਾਨ ਪ੍ਰਵਾਸੀ ਭਾਰਤੀ, ਖਾਸ ਕਰਕੇ ਸਿੱਖ ਤੇ ਪੰਜਾਬੀ ਪ੍ਰਵਾਸੀ ਭਾਰਤੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਐਨ.ਆਰ.ਆਈਜ਼ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਤ ਪਿੰਡਾਂ ਨੂੰ ਅਪਣਾਉਣ।
ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ, ਆਪਣੇ ਪੀੜਤ ਲੋਕਾਂ ਵਿੱਚ ਜਾਕੇ ਕੰਮ ਕਰ ਰਹੀ ਸੀ ਜਦਕਿ ਇਸੇ ਲਈ ਲੋਕਾਂ ਦੇ ਨਕਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਲੋੜੀਂਦਾ ਵੀ.ਆਈ.ਪੀ. ਕਲਚਰ ਨਾ ਮਿਲਣ ਕਰਕੇ ਉਨ੍ਹਾਂ ਨੂੰ ਸਰਕਾਰ ਨਹੀਂ ਦਿੱਸੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਲਾਂਭੇ ਕਰਨ ਲਈ ਦੇਸ਼ ਵਿੱਚ ਸੁਖਾਵਾਂ ਮਾਹੌਲ ਬਣ ਰਿਹਾ ਹੈ। ਉਨ੍ਹ ਕਿਹਾ ਕਿ ਆਮ ਆਦਮੀ ਪਾਰਟੀ ਵੀ ਦੇਸ਼ ਵਿੱਚ ਪਿਛਲੇ 8 ਸਾਲਾਂ ਤੋਂ ਬਣੇ ਤਾਨਾਸ਼ਾਹੀ ਤੇ ਗੁੰਡਾਗਰਦੀ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ।
ਹੜ੍ਹਾਂ ਵਿੱਚ ਸੂਬੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਪ੍ਰਸ਼ੰਸਾਯੋਗ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਗੁਰਲਾਲ ਘਨੌਰ, ਸੁਖਵਿੰਦਰ ਸਿੰਘ ਪਠਾਣਮਾਜਰਾ, ਗਗਨ ਪਠਾਣਮਾਜਰਾ, ਪ੍ਰਦੀਪ ਪਠਾਣਮਾਜਰਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।







