ਕੁਲਵਿੰਦਰ ਕੌਰ ਦੇ ਹੱਕ ’ਚ ਕਿਸਾਨਾਂ ਵੱਲੋਂ ਕੱਢਿਆ ਜਾਵੇਗਾ ਮਾਰਚ

ਫੈਕਟ ਸਮਾਚਾਰ ਸੇਵਾ

ਮੋਹਾਲੀ , ਜੂਨ 9

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਮੁਹਾਲੀ ਦੀ ਮੀਟਿੰਗ ਹੋਈ ਜਿਸ ਵਿਚ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਕਿਸਾਨ ਮੋਰਚੇ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕੁਲਵਿੰਦਰ ਕੌਰ ਦੇ ਹੱਕ ’ਚ 9 ਜੂਨ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਐੱਸਐੱਸਪੀ ਦਫ਼ਤਰ ਮੁਹਾਲੀ ਤੱਕ ਸਾਂਝਾ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਮੀਟਿੰਗ ’ਚ ਮੁਹਾਲੀ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਵਿਖੇ ਜੋ ਕੰਗਨਾ ਰਣੌਤ ਦੇ ਥੱਪੜ ਵਾਲੀ ਘਟਨਾ ਹੋਈ, ਉਸ ਸਬੰਧੀ ਵਿਚਾਰ-ਚਰਚਾ ਕੀਤਾ ਗਿਆ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੰਗਨਾ ਰਣੌਤ ਵੱਖ-ਵੱਖ ਸਮੇਂ ’ਤੇ ਪੰਜਾਬੀਆਂ ਨੂੰ ਕਦੇ ਉਗਰਵਾਦੀ, ਖ਼ਾਲਸਤਾਨੀ ਬੋਲਦੀ ਰਹਿੰਦੀ ਹੈ ਤੇ ਹੁਣ ਵੀ ਸੀਆਈਐੱਸਐੱਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਕੌਰ ਖਾਲਿਸਤਾਨੀ ਕਿਹਾ ਗਿਆ। ਕੰਗਨਾ ਜਾਣਬੁੱਝ ਕੇ ਅਜਿਹੇ ਬਿਆਨ ਦਿੰਦੀ ਹੈ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰੈੱਸ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੰਗਨਾ ਰਣੌਤ ’ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕੁਲਵਿੰਦਰ ਕੌਰ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਖੜ੍ਹੀਆਂ ਹਨ ਜੇ ਕਿਸੇ ਕਿਸਮ ਦਾ ਧੱਕਾ ਕੁਲਵਿੰਦਰ ਕੌਰ ਨਾਲ ਕੀਤਾ ਤਾਂ ਅਸੀਂ ਸਖ਼ਤ ਐਕਸ਼ਨ ਕਰਾਂਗੇ। ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਸੜਕਾਂ ’ਤੇ ਉਤਰਨ ਲਈ ਗੁਰੇਜ਼ ਨਹੀਂ ਕਰਾਂਗੇ।

ਇਸ ਮੌਕੇ ਪਰਮਦੀਪ ਸਿੰਘ ਬੈਦਵਾਣ ਜਨਰਲ ਸਕੱਤਰ ਰਾਜੇਵਾਲ, ਜ਼ਿਲ੍ਹਾ ਪ੍ਰਧਾਨ ਲੱਖੋਵਾਲ ਦਵਿੰਦਰ ਸਿੰਘ ਦੇਹਕਲਾ, ਜਰਨਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਕਮਲਜੀਤ ਸਿੰਘ ਲਾਂਡਰਾਂ ਬੁਲਾਰਾ ਕਾਦੀਆਂ, ਜ਼ਿਲ੍ਹਾ ਪ੍ਰਧਾਨ ਰਾਜੇਵਾਲ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਗੁਰਮੀਤ ਸਿੰਘ ਖੂਨੀ ਮਾਜਰਾ, ਜਸਵਿੰਦਰ ਸਿੰਘ ਕੰਡਾਲਾ, ਹਰਜੀਤ ਸਿੰਘ ਸਿਆਊ, ਸਤਵਿੰਦਰ ਸਿੰਘ ਅਲੀਪੁਰ, ਕਵਲਜੀਤ ਸਿੰਘ ਅਲੀਪੁਰ, ਸਨਪ੍ਰੀਤ ਸਿੰਘ, ਗੁਰਜੀਤ ਮਾਮਾ ਮਟੌਰ ਪੁਆਧ ਆਲਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

View in English