ਕਪੂਰਥਲਾ ‘ਚ ਚੋਰ Axis Bank ਦੀ ਕੰਧ ਤੋੜ ਕੇ ਲੈ ਗਏ ਲੱਖਾਂ ਰੁਪਏ ,CCTV ‘ਚ ਕੈਦ ਹੋਈ ਵਾਰਦਾਤ

ਫੈਕਟ ਸਮਾਚਾਰ ਸੇਵਾ

ਕਪੂਰਥਲਾ , ਫਰਵਰੀ 9

ਕਪੂਰਥਲਾ-ਗੋਇੰਦਵਾਲ ਸਾਹਿਬ ਰੋਡ ‘ਤੇ ਪਿੰਡ ਭਵਾਨੀਪੁਰ ‘ਚ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਦੀ ਕੰਧ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰਾਂ ਵੱਲੋਂ ਕੀਤੀ ਇਹ ਵਾਰਦਾਤ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਚਓ ਕੋਤਵਾਲੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਬੈਂਕ ਅਧਿਕਾਰੀਆਂ ਨੇ ਚੋਰੀ ਹੋਈ ਕੁੱਲ ਰਕਮ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਬਾਰੇ ਐਕਸਿਸ ਬੈਂਕ ਪਿੰਡ ਭਵਾਨੀਪੁਰ ਦੇ ਬਰਾਂਚ ਮੈਨੇਜਰ ਮਨੀਸ਼ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਸਵੇਰੇ ਬੈਂਕ ਦੇ ਕਿਊ.ਆਰ.ਟੀ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਨੇ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਬੈਂਕ ਦੇ ਬਾਹਰ ਲੱਗਾ ਕੈਮਰਾ ਟੁੱਟਿਆ ਹੋਇਆ ਹੈ ਅਤੇ ਬੈਂਕ ਦੀ ਦੀਵਾਰ ਨੂੰ ਤੋੜ ਕੇ ਰਸਤਾ ਬਣਾਇਆ ਹੋਇਆ ਹੈ ਅਤੇ ਉਹ ਆਪਣੇ ਸਾਥੀ ਬੈਂਕ ਕਰਮਚਾਰੀਆਂ ਨਾਲ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਬੈਂਕ ਅੰਦਰ ਸਾਮਾਨ ਖਿਲਰਿਆ ਪਿਆ ਸੀ। ਸੁਰੱਖਿਆ ਪੈਨਲ ਅਤੇ ਸੁਰੱਖਿਅਤ ਕਮਰੇ ਦਾ ਦਰਵਾਜ਼ਾ ਵੀ ਤੋੜਿਆ ਗਿਆ ਅਤੇ ਇਸ ਵਿੱਚ ਪਈ ਨਗਦੀ ਵੀ ਚੋਰੀ ਹੋ ਗਈ। ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਥਾਣਾ ਕੋਤਵਾਲੀ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰਿਆਂ ਵਿੱਚ ਅਣਪਛਾਤੇ ਚੋਰਾਂ ਦੇ ਚਿਹਰੇ ਵੀ ਦਿਖਾਈ ਦੇ ਰਹੇ ਹਨ। ਬੈਂਕ ਮੈਨੇਜਰ ਮਨੀਸ਼ ਕੁਮਾਰ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English