ਫੈਕਟ ਸਮਾਚਾਰ ਸੇਵਾ
ਸਿੱਧੀ, ਜੁਲਾਈ 5
ਬੀਤੇ ਦਿਨੀਂ ਇੱਕ ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰਨ ਵਾਲੇ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਉਸ ਨੂੰ ਪਿੰਡ ਕੁਬਰੀ ਦੇ ਖੈਰਹਵਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 323, 123, 294, 506 ਆਈਪੀਸੀ ਅਤੇ ਐਨਐਸਏ ਤਹਿਤ ਕੇਸ ਦਰਜ ਕਰ ਲਿਆ ਹੈ।
ਵਧੀਕ ਪੁਲਿਸ ਸੁਪਰਡੈਂਟ ਅੰਜੁਲਤਾ ਪਾਟਲੇ ਨੇ ਦੱਸਿਆ ਕਿ ਮੁਲਜ਼ਮ ਆਪਣਾ ਮੂੰਹ ਲੁਕਾ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਹੁਣ ਉਸ ਤੋਂ ਪੂਰੀ ਘਟਨਾ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਵਿੱਚ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੇ ਸ਼ਰਾਬੀ ਹਾਲਤ ਵਿੱਚ ਪੌੜੀਆਂ ’ਤੇ ਬੈਠੇ ਇੱਕ ਆਦਿਵਾਸੀ ਨੌਜਵਾਨ ’ਤੇ ਪਿਸ਼ਾਬ ਕਰ ਦਿੱਤਾ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਘਟਨਾ ਸਿੱਧੀ ਜ਼ਿਲ੍ਹੇ ਦੇ ਕੁਬਰੀ ਪਿੰਡ ਦੇ ਬਾਹਰੀ ਬਾਜ਼ਾਰ ਦੀ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ਦੀ ਜਾਂਚ ਕਰਕੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ‘ਸਿੱਧੀ ਜ਼ਿਲ੍ਹੇ ਦਾ ਇੱਕ ਵਾਇਰਲ ਵੀਡੀਓ ਮੇਰੇ ਧਿਆਨ ਵਿੱਚ ਆਇਆ ਹੈ। ਮੈਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਨ.ਐਸ.ਏ. ਵੀ ਲਗਾਈ ਜਾਵੇ।







