ਅੰਮ੍ਰਿਤਸਰ ‘ਚ ਹੁੱਕਾ ਬਾਰ ਚਲਾਉਣ ਵਾਲੇ ਰੈਸਟੋਰੇਂਟ ‘ਚ ਛਾਪੇਮਾਰੀ , 19 ਹੁੱਕੇ ਬਰਾਮਦ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਅਕਤੂਬਰ 21

ਅੰਮ੍ਰਿਤਸਰ ਪੁਲਿਸ ਨੇ ਰਣਜੀਤ ਐਵਨਿਊ ਵਿਖੇ ਇਕ ਰੈਸਟੋਰੇਂਟ ਵਿਚ ਹੁੱਕਾ ਬਾਰ ਚਲਾਉਣ ਮੌਕੇ ਛਾਪੇਮਾਰੀ ਕੀਤੀ। ਸਰਕਾਰ ਵਲੋਂ ਹੁੱਕਾ ਬਾਰ ਚਲਾਉਣ ਦੀ ਪਾਬੰਦੀ ਲਗਾਈ ਹੋਈ ਹੈ। ਇਸ ਦੌਰਾਨ ਪੁਲਿਸ ਨੇ ਹੁੱਕਾ ਬਾਰ ਚਲਾਉਣ ਵਾਲੇ ਰੈਸਟੋਰੇਂਟ ਦੇ ਮਾਲਕ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਮਿਸ਼ਨਰੇਟ ਪੁਲਿਸ ਨੇ ਵੀਰਵਾਰ ਦੇਰ ਰਾਤ ਰਣਜੀਤ ਐਵੇਨਿਊ ‘ਤੇ ਸਥਿਤ ਯੂਰਪੀਅਨ ਨਾਈਟ ਕੈਫੇ ‘ਤੇ ਛਾਪਾ ਮਾਰਿਆ ਤੇ ਉਥੋਂ 19 ਹੁੱਕੇ ਬਰਾਮਦ ਕੀਤੇ। ਸੂਚਨਾ ਤੋਂ ਬਾਅਦ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਛਾਪੇਮਾਰੀ ਕਰ ਕੇ ਕੈਫੇ ਮਾਲਕ ਸਮੇਤ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਦਰਜ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ ਰਣਜੀਤ ਐਵੇਨਿਊ ਸਥਿਤ ਹੋਟਲ ਹਾਲੀਡੇ ਇਨ ਨੇੜੇ ਗਸ਼ਤ ਦੌਰਾਨ ਮੌਜੂਦ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਬੀ ਬਲਾਕ ਸਥਿਤ ਯੂਰਪੀਅਨ ਨਾਈਟ ਕੈਫੇ ‘ਚ ਗਾਹਕਾਂ ਨੂੰ ਹੁੱਕੇ ਪਰੋਸੇ ਜਾਂਦੇ ਹਨ। ਇਸ ਤੋਂ ਬਾਅਦ ਤੁਰੰਤ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਕੈਫੇ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਤਿੰਨ ਨੌਜਵਾਨ ਗਾਹਕਾਂ ਨੂੰ ਚਾਲੂ ਹਾਲਤ ‘ਚ ਹੁੱਕਾ ਪਰੋਸਦੇ ਮਿਲੇ। ਪੁਲਿਸ ਨੂੰ ਦੇਖਣ ਤੋਂ ਬਾਅਦ ਉਥੋਂ ਦੋ ਨੌਜਵਾਨ ਖਿਸਕ ਗਏ, ਜਦਕਿ ਤੀਜੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨ ‘ਤੇ ਉਸ ਨੇ ਖ਼ੁਦ ਨੂੰ ਕੈਫੇ ਦਾ ਮੁਲਾਜ਼ਮ ਦੱਸਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਯੂਰਪੀਅਨ ਨਾਈਟ ਕੈਫੇ ਦੇ ਮਾਲਕ ਸੰਦੀਪ ਸਿੰਘ ਧੁੰਨਾ ਵਾਸੀ ਸਲਵਲਪੁਰਾ ਵਾਰਡ 21, ਮੈਨੇਜਰ ਚੰਦਨ ਗੁਪਤਾ ਵਾਸੀ ਰਣਜੀਤ ਐਵੀਨਿਊ ਤੇ ਕੈਫੇ ਮੁਲਾਜ਼ਮ ਉਮੇਸ਼ ਕੁਮਾਰ ਵਾਸੀ ਨਵੀਂ ਆਬਾਦੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਰੈਸਟੋਰੈਂਟ ਦੇ ਵੱਖ-ਵੱਖ ਮੇਜ਼ਾਂ ਤੋਂ 4 ਹੁੱਕਿਆਂ ਸਮੇਤ ਕੁੱਲ 19 ਹੁੱਕੇ ਬਰਾਮਦ ਕੀਤੇ ਗਏ।

Leave a Reply

Your email address will not be published. Required fields are marked *

View in English