ਫੈਕਟ ਸਮਾਚਾਰ ਸੇਵਾ
ਤਰਨਤਾਰਨ , ਮਾਰਚ 27
ਪੰਜਾਬ ਪੁਲਿਸ ਦੀ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਜਾਰੀ ਹੈ। ਅੱਜ ਪੁਲਿਸ ਨੇ ਅੰਮ੍ਰਿਤਪਾਲ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਜੋ ਪੱਟੀ ਦੇ ਪਿੰਡ ਜੌੜ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਸ਼ੂਟਰ ਦਾ ਨਾਂ ਵਰਿੰਦਰ ਸਿੰਘ ਜੌਹਲ ਹੈ। ਜੌਹਲ ‘ਤੇ ਕੌਮੀ ਸਕਿਓਰਟੀ ਐਕਟ ਲਾਉਣ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਗਿੱਲ ਉਰਫ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲੇ ਅਨਸਰ ਬਲਵੰਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਬਲਵੰਤ ਮਲੌਦ ਦੇ ਪਿੰਡ ਕੂਹਲੀ ਖੁਰਦ ਦਾ ਰਹਿਣ ਵਾਲਾ ਹੈ ਜਿਸ ਨੇ ਆਪਣੇ ਘਰ ’ਤੇ ਹੀ ਦੋ ਦਿਨ ਤੱਕ ਗੋਰਖਾ ਬਾਬੇ ਨੂੰ ਪਨਾਹ ਦਿੱਤੀ ਸੀ। ਐੱਸਐੱਸਪੀ ਅਮਨੀਤ ਕੌਂਡਲ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬਲਵੰਤ ਕੂਹਲੀ ਸਮੇਤ ਇਕ ਹੋਰ ਅਨਸਰ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਬਲਵੰਤ ਨੂੰ ਤੇਜਿੰਦਰ ‘ਗੋਰਖਾ ਬਾਬਾ’ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜੋ ਅੰਮ੍ਰਿਤਪਾਲ ਦਾ ਗੰਨਮੈਨ ਵੀ ਸੀ ਤੇ ਉਸਦੀ ਕਰੀਬੀ ਸੁਰੱਖਿਆ ਟੀਮ (ਸੀਪੀਟੀ) ਦਾ ਮੈਂਬਰ ਸੀ।







