ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਗਸਤ 12
‘ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਓਕੇ, ਭਗਵੰਤ ਉਰਫ਼ ਬਾਜੇਕੇ ਤੇ ਬਸੰਤ ਸਿਘ ਦੀ ਪਟੀਸ਼ਨ ’ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਵਾਲ ਕੀਤੇ ਹਨ। ਅਦਾਲਤ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਐੱਫਆਈਆਰ ਮਗਰੋਂ ਅੰਮ੍ਰਿਤਪਾਲ ਨੂੰ ਗਿ੍ਰਫ਼ਤਾਰ ਕੀਤਾ ਤਾਂ ਇਸ ਗਿ੍ਰਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਣ ਵਾਲੀ ਪਟੀਸ਼ਨ ਕਿਵੇਂ ਜਾਇਜ਼ ਮੰਨੀ ਜਾ ਸਕਦੀ ਹੈ। ਸਾਰਿਆਂ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਦੇ ਹੋਏ ਕਿਹਾ ਗਿਆ ਹੈ ਕਿ ਅਜਨਾਲਾ ਥਾਣੇ ’ਤੇ ਹਮਲੇ ਕਾਰਨ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਕਾਰਵਾਈ ਆਰੰਭ ਕੀਤੀ ਗਈ ਸੀ। ਇਸ ਦੌਰਾਨ ਪਟੀਸ਼ਨਰ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਨੂੰ ਇਸ ਹਮਲੇ ਦਾ ਮੁਲਜ਼ਮ ਬਣਾ ਕੇ ਜੇਲ੍ਹ ਭੇਜ ਦਿੱਤਾ ਗਿਆ।
ਪਟੀਸ਼ਨਰਾਂ ਦੀਆਂ ਦਲੀਲਾਂ ਹਨ ਕਿ ਇਸ ਮਾਮਲੇ ਵਿਚ ਉਹ ਸ਼ਾਮਲ ਨਹੀਂ ਸੀ। ਅਜਿਹੇ ਵਿਚ ਪੁਲਿਸ ਕਾਰਵਾਈ ਤੇ ਪਟੀਸ਼ਨਰਾਂ ਦੀ ਗਿ੍ਰਫ਼ਤਾਰੀ ਗ਼ਲਤ ਹੈ। ਉਨ੍ਹਾਂ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੱਦ ਕਰਨ ਤੇ ਪਟੀਸ਼ਨਰਾਂ ਨੂੰ ਰਿਹਾਅ ਕਰਨ ਦੀ ਅਪੀਲ ਆਪਣੀ ਪਟੀਸ਼ਨ ਵਿਚ ਕੀਤਾ ਹੈ। ਹੁਣ ਹਾਈ ਕੋਰਟ ਨੇ ਇਸ ਪਟੀਸ਼ਨ ਦੇ ਸਹੀ ਹੋਣ ’ਤੇ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਗਿ੍ਰਫ਼ਤਾਰੀ ਨੂੰ ਨਾਜਾਇਜ਼ ਦੱਸ ਰਹੀ ਹੈ ਜਦਕਿ ਐੱਫਆਈਆਰ ਦਰਜ ਹੋਈ ਹੈ, ਇਸ ਲਈ ਇਸ ਪਟੀਸ਼ਨ ਨੂੰ ਕਿਵੇਂ ਸਹੀ ਮੰਨ ਲਈਏ? ਅਗਲੀ ਸੁਣਵਾਈ ਦੌਰਾਨ ਇਸ ਬਾਰੇ ਪੱਖ ਰੱਖਣ ਲਈ ਅਦਾਲਤ ਨੇ ਹੁਕਮ ਕੀਤੇ ਹਨ।







