ਅਣਪਛਾਤੇ ਹਮਲਾਵਰਾਂ ਵੱਲੋਂ ਜ਼ੀਰਕਪੁਰ ਦੇ 2 ਹੋਟਲਾਂ ‘ਚ ਮਹਿਮਾਨਾਂ ਦੀ ਕੁੱਟਮਾਰ, ਗੱਡੀਆਂ ਦੀ ਵੀ ਕੀਤੀ ਭੰਨ ਤੋੜ

ਫੈਕਟ ਸਮਾਚਾਰ ਸੇਵਾ

ਜ਼ੀਰਕਪੁਰ , ਜੁਲਾਈ 28

ਜ਼ੀਰਕਪੁਰ ਚੰਡੀਗੜ੍ਹ ਸੜਕ ਤੇ ਸਥਿਤ ਹੋਟਲ ਜੀ ਪਲਾਜਾ ਅਤੇ ਹੋਟਲ ਨਿਊ ਸਟਾਈਲ ਵਿਖੇ ਬੀਤੀ ਰਾਤ ਕਰੀਬ 10 ਵਜੇ ਤੋਂ ਬਾਦ ਵੱਖ-ਵੱਖ ਸਕੂਟਰਾਂ ਅਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਤਿੰਨ ਦਰਜਨ ਤੋਂ ਵੀ ਵੱਧ ਅਣਪਛਾਤੇ ਹਮਲਾਵਰਾਂ ਵੱਲੋਂ ਦੋਵੇਂ ਹੋਟਲਾਂ ਦੀ ਜੰਮ ਕੇ ਭੰਨ ਤੋੜ ਕੀਤੀ ਗਈ । ਇਸ ਦੌਰਾਨ ਹਮਲਾਵਰਾਂ ਵੱਲੋਂ ਹੋਟਲਾਂ ਦੇ ਕਮਰੇ ਖੁਲਵਾ ਕੇ ਹੋਟਲਾਂ ਵਿੱਚ ਰੁਕੇ ਮਹਿਮਾਨਾਂ ਨਾਲ ਵੀ ਮਾਰਕੁੱਟ ਕੀਤੀ ਗਈ ਅਤੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਗਈ। ਹੋਟਲ ਵਿੱਚ ਹਮਲਾ ਹੋਣ ਤੋਂ ਬਾਅਦ ਅਫਰਾ-ਤਫੜੀ ਮੱਚ ਗਈ ਅਤੇ ਜ਼ਖ਼ਮੀ ਹਾਲਤ ਵਿੱਚ ਹੀ ਮਹਿਮਾਨ ਆਪਣੀਆਂ ਟੁੱਟੀਆਂ ਭੰਨੀਆਂ ਗੱਡੀਆਂ ਲੈ ਕੇ ਦੂਸਰੇ ਹੋਟਲਾਂ ਵਿੱਚ ਸ਼ਿਫਟ ਹੋ ਗਏ।

ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਟਲ ਜੀ ਪਲਾਜ਼ਾ ਅਤੇ ਹੋਟਲ ਨਿਊ ਸਟਾਈਲ ਦੇ ਸੰਚਾਲਕ ਪ੍ਰਵੀਨ ਠਾਕੁਰ ਨੇ ਦੱਸਿਆ ਕਿ 21 ਜੁਲਾਈ ਨੂੰ ਰਾਤ ਕਰੀਬ 11 ਵਜੇ ਉਸ ਦੇ ਹੋਟਲ ਵਿੱਚ ਕੁਝ ਜ਼ਖ਼ਮੀ ਵਿਅਕਤੀ ਕਮਰਾ ਮੰਗਣ ਆਏ ਸਨ ਪਰੰਤੂ ਹੋਟਲ ਦੇ ਮੈਨੇਜਰ ਵੱਲੋਂ ਉਹਨਾਂ ਦਾ ਪਛਾਣ ਪੱਤਰ ਮੰਗਣ ਤੇ ਜਦੋਂ ਉਹ ਪਛਾਣ ਪੱਤਰ ਨਹੀਂ ਪੇਸ਼ ਕਰ ਸਕੇ ਤਾਂ ਹੋਟਲ ਦੇ ਮੈਨੇਜਰ ਵੱਲੋਂ ਉਹਨਾਂ ਨੂੰ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਉਸ ਨੇ ਦੱਸਿਆ ਕਿ 24 ਜੁਲਾਈ ਨੂੰ ਫਿਰ ਆਏ ਉਹਨਾਂ ਹਮਲਾਵਰਾਂ ਵੱਲੋਂ ਉਹਨਾਂ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਤੋਂ ਕਥਿਤ ਰੂਪ ਵਿੱਚ ਹੋਟਲ ਚਲਾਉਣ ਬਦਲੇ 50 ਹਜ਼ਾਰ ਰੁਪਏ ਮਹੀਨੇ ਦੀ ਫਿਰੌਤੀ ਦੀ ਮੰਗ ਕੀਤੀ ਗਈ। ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਹਮਲਾਵਰਾਂ ਦੀ ਫਿਰੌਤੀ ਦੀ ਮੰਗ ਪੂਰੀ ਨਹੀਂ ਕੀਤੀ ਤਾਂ ਅੱਜ ਵੱਖ-ਵੱਖ ਸਕੂਟਰਾਂ ਮੋਟਰਸਾਈਕਲਾਂ ਤੇ ਆਏ ਕਰੀਬ 40 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਪਹਿਲਾਂ ਹੋਟਲ ਨਿਊ ਸਟਾਈਲ ਵਿਖੇ ਭੰਨ ਤੋੜ ਕੀਤੀ ਅਤੇ ਜਦੋਂ ਸੂਚਨਾ ਮਿਲਣ ‘ਤੇ ਉਹ ਹੋਟਲ ਨਿਊ ਸਟਾਈਲ ਵਿਖੇ ਪੁੱਜੇ ਤਾਂ ਉਸ ਨੂੰ ਹੋਟਲ ਜੀ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਸੂਚਨਾ ਮਿਲੀ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਹੋਟਲ ਜੀ ਪਲਾਜ਼ਾ ਵਿਖੇ ਭੰਨ ਤੋੜ ਕੀਤੀ ਗਈ ਹੈ ਅਤੇ ਕਮਰਿਆਂ ਵਿੱਚ ਰੁਕੇ ਮਹਿਮਾਨਾਂ ਨਾਲ ਮਾਰ ਕੁੱਟ ਕਰਨ ਤੋਂ ਇਲਾਵਾ ਉਹਨਾਂ ਦੀਆਂ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵੀ ਭੰਨ ਦਿੱਤੀਆਂ ਗਈਆਂ ਹਨ।

ਪਰਵੀਨ ਨੇ ਦੱਸਿਆ ਕਿ ਉਸ ਨੂੰ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਹਮਲਾਵਰਾਂ ਤੋਂ ਆਪਣੀ ਜਾਨ ਦਾ ਖਤਰਾ ਹੈ। ਮੌਕੇ ‘ਤੇ ਪੁੱਜੇ ਜ਼ੀਰਕਪੁਰ ਪੁਲਿਸ ਥਾਣੇ ਦੇ ਪੜਤਾਲੀਆ ਅਫਸਰ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਦੋਵੇਂ ਹੋਟਲਾਂ ਦੀ ਜੰਮ ਕੇ ਭੰਨ ਤੋੜ ਕੀਤੀ ਗਈ ਹੈ। ਇਸ ਦੌਰਾਨ ਹਮਲਾਵਰਾਂ ਵੱਲੋਂ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਸ਼ਟ ਕਰ ਦਿੱਤੇ ਗਏ ਹਨ। ਇਸ ਲਈ ਪੁਲਿਸ ਵੱਲੋਂ ਨੇੜਲੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English