ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਨਵੰਬਰ 17
ਹਰਿਆਣਾ ਵਿੱਚ ਭਾਰਤਮਾਲਾ ਪ੍ਰੋਜੈਕਟ ਤਹਿਤ ਤਿੰਨ ਨਵੇਂ ਰਾਸ਼ਟਰੀ ਰਾਜਮਾਰਗ ਬਣਾਏ ਜਾਣਗੇ। ਕੇਂਦਰ ਸਰਕਾਰ ਨੇ ਤਿੰਨੋਂ ਹਾਈਵੇਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਹਾਈਵੇ ਪਾਣੀਪਤ ਤੋਂ ਚੌਟਾਲਾ ਪਿੰਡ, ਹਿਸਾਰ ਤੋਂ ਰੇਵਾੜੀ ਅਤੇ ਅੰਬਾਲਾ ਤੋਂ ਦਿੱਲੀ ਵਿਚਕਾਰ ਬਣਾਏ ਜਾਣਗੇ। ਸੂਬਾ ਸਰਕਾਰ ਨੇ ਤਿੰਨੋਂ ਹਾਈਵੇਅ ਦੀ ਮਨਜ਼ੂਰੀ ਲਈ ਕੇਂਦਰੀ ਸੜਕ ਅਤੇ ਸਰਫੇਸ ਟਰਾਂਸਪੋਰਟ ਮੰਤਰਾਲੇ ਨੂੰ ਪ੍ਰਸਤਾਵ ਭੇਜਿਆ ਸੀ। ਯਮੁਨਾ ਦੇ ਕੰਢੇ ਅੰਬਾਲਾ ਅਤੇ ਦਿੱਲੀ ਵਿਚਕਾਰ ਨਵਾਂ ਹਾਈਵੇਅ ਬਣਨ ਨਾਲ ਚੰਡੀਗੜ੍ਹ ਤੋਂ ਦਿੱਲੀ ਦੀ ਦੂਰੀ ਦੋ ਤੋਂ ਢਾਈ ਘੰਟਿਆਂ ਵਿੱਚ ਪੂਰੀ ਹੋ ਜਾਵੇਗੀ। ਯਮੁਨਾ ਦੇ ਕੰਢੇ ਬਣ ਰਹੇ ਹਾਈਵੇਅ ਨਾਲ ਜੀ.ਟੀ.ਰੋਡ ‘ਤੇ ਵਾਹਨਾਂ ਦਾ ਦਬਾਅ ਘੱਟ ਜਾਵੇਗਾ।
ਦਿੱਲੀ ਤੋਂ ਹਰਿਆਣਾ, ਚੰਡੀਗੜ੍ਹ, ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਵਾਹਨ ਨਵੇਂ ਹਾਈਵੇਅ ਤੋਂ ਲੰਘ ਸਕਣਗੇ। ਨਵੀਂ ਦਿੱਲੀ ਦੇ ਅਕਸ਼ਰਧਾਮ ਤੋਂ ਸ਼ੁਰੂ ਹੋ ਕੇ ਇਹ ਸੜਕ ਅੰਬਾਲਾ ਤੱਕ ਬਣਾਈ ਜਾਵੇਗੀ। ਅੰਬਾਲਾ ਅਤੇ ਚੰਡੀਗੜ੍ਹ ਵਿਚਕਾਰ ਪਹਿਲਾਂ ਹੀ ਨੈਸ਼ਨਲ ਹਾਈਵੇ ਹੈ, ਜੋ ਛੇ ਮਾਰਗੀ ਹੈ। ਨਵਾਂ ਫਲਾਈਓਵਰ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। ਇਸ ਨੂੰ ਪੰਚਕੂਲਾ ਤੋਂ ਯਮੁਨਾਨਗਰ ਤੱਕ ਬਣੇ ਐਕਸਪ੍ਰੈਸ ਵੇਅ ਨਾਲ ਵੀ ਜੋੜਿਆ ਜਾਵੇਗਾ। ਪਾਣੀਪਤ ਤੋਂ ਚੌਟਾਲਾ ਪਿੰਡ ਤੱਕ ਇੱਕ ਨਵਾਂ ਗ੍ਰੀਨ ਫੀਲਡ ਐਕਸਪ੍ਰੈਸਵੇਅ ਬਣਾਇਆ ਜਾਵੇਗਾ। ਇਸ ਨਾਲ ਬੀਕਾਨੇਰ ਤੋਂ ਮੇਰਠ ਤੱਕ ਸਿੱਧਾ ਸੰਪਰਕ ਹੋਵੇਗਾ।







