ਸੁਨੀਲ ਜਾਖੜ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੁਲਾਈ 3

ਪੰਜਾਬ ’ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇਕ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਹੈ। ਪੰਜਾਬ ’ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇਕ ਸਾਂਝਾ ਚਿਹਰਾ ਹਨ। ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਲਗਾਤਾਰ ਅਜਿਹੇ ਚਿਹਰੇ ਦੀ ਭਾਲ ’ਚ ਜੁਟੀ ਹੋਈ ਸੀ ਜੋ ਸ਼ਹਿਰ ਤੇ ਪਿੰਡ ’ਚ ਸਾਂਝੇ ਰੂਪ ਨਾਲ ਪ੍ਰਭਾਵ ਰੱਖਦਾ ਹੋਵੇ। ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਨਾ ਸਿਰਫ਼ ਪਿੰਡ ’ਚ ਜੁੜੇ ਹਨ ਬਲਕਿ ਸ਼ਹਿਰਾਂ ’ਚ ਵੀ ਚੰਗੀ ਪਕੜ ਰੱਖਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਪੰਜਾਬ ’ਚ ਜਾਖੜ ਦੇ ਨਾਂ ’ਤੇ ਵੱਡਾ ਦਾਅ ਖੇਡਣ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਜਾਖੜ ਦੇ ਨਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਹਾਲੇ ਤਕ ਸੂਬੇ ਦੀ ਕਮਾਨ ਸੰਭਾਲ ਰਹੇ ਅਸ਼ਵਨੀ ਸ਼ਰਮਾ ਦੇ ਕੰਮ ਤੋਂ ਭਾਜਪਾ ਇਹ ਅਨੁਮਾਨ ਲਗਾ ਰਹੀ ਸੀ ਕਿ ਇਸ ਨਾਲ ਪੰਜਾਬ ’ਚ ਪਾਰਟੀ ਆਪਣੀ ਪਕੜ ਮਜ਼ਬੂਤ ਨਹੀਂ ਕਰ ਸਕਦੀ। ਇਹੀ ਕਾਰਨ ਹੈ ਕਿ ਭਾਜਪਾ ਨੇ ਪਹਿਲੀ ਵਾਰ ਦੂਜੀ ਪਾਰਟੀ ਤੋਂ ਆਏ ਨੇਤਾ ਦੇ ਹੱਥ ਕਮਾਨ ਦੇਣ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *

View in English