ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਅਤੇ ਸਿੱਖ ਸੰਗਤ ਲਈ ਨਿਰਵਿਘਨ ਦਰਸ਼ਨਾਂ ਦੀ ਸਹੂਲਤ ਯਕੀਨੀ ਬਣਾਉਣ ਦੀ ਅਪੀਲ

*ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਅਤੇ ਸਿੱਖ ਸੰਗਤ ਲਈ ਨਿਰਵਿਘਨ ਦਰਸ਼ਨਾਂ ਦੀ ਸਹੂਲਤ ਯਕੀਨੀ ਬਣਾਉਣ ਦੀ ਅਪੀਲ*

*•ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਮੁੜ ਖੋਲ੍ਹਿਆ ਜਾਵੇ, ਇਹ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਸਾਂਝ ਦਾ ਮਾਮਲਾ ਹੈ: ਹਰਜੋਤ ਬੈਂਸ*

*•ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਰਾਸਤਾ ਨਹੀਂ ਸਗੋਂ ਇਹ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਨਾਲ ਜੋੜਦਾ ਹੈ: ਹਰਜੋਤ ਬੈਂਸ*

*•ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਪਾਬੰਦੀਆਂ ਨੇ ਵਿਸ਼ਵ ਭਰ ਵਿੱਚ ਵਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਕੇਂਦਰ ਯਾਤਰਾ ਪ੍ਰਕਿਰਿਆ ਨੂੰ ਸਰਲ ਬਣਾਵੇ: ਹਰਜੋਤ ਬੈਂਸ*

ਚੰਡੀਗੜ੍ਹ, 27 ਅਕਤੂਬਰ:

ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਸਰਬੱਤ ਦੇ ਭਲੇ’ ਦੇ ਸੰਦੇਸ਼ ਨੂੰ ਉਜਾਗਰ ਰੱਖਦਿਆਂ, ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਇੱਕ ਮਤਾ ਪੇਸ਼ ਕੀਤਾ, ਜਿਸ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲ੍ਹਣ ਅਤੇ ਇਸ ਨੂੰ ਲਗਾਤਾਰ ਖੁੱਲ੍ਹਾ ਰੱਖਣ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਲਾਂਘਾ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੂਟਨੀਤਕ ਰਸਤਾ ਨਹੀਂ ਹੈ ਸਗੋਂ ਲੱਖਾਂ ਸਿੱਖ ਸੰਗਤਾਂ ਲਈ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਸਾਂਝ ਨਾਲ ਜੁੜਿਆ ਹੋਇਆ ਮਾਮਲਾ ਹੈ।

ਇਸ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਲਾਂਘੇ ਨੂੰ ਮੁੜ ਖੋਲ੍ਹਣ ਅਤੇ ਚਾਲੂ ਰੱਖਣ ਲਈ ਤੁਰੰਤ ਕਦਮ ਚੁੱਕੇ, ਤੀਰਥ ਯਾਤਰਾ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਵੇ ਅਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਤਾਂ ਜੋ ਸੰਗਤ ਦੀ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਸੁਰੱਖਿਅਤ, ਸੁਚਾਰੂ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਸ. ਹਰਜੋਤ ਸਿੰਘ ਬੈਂਸ ਨੇ ਸਦਨ ਵਿੱਚ ਸੰਬੋਧਨ ਕਰਦਿਆਂ ਕਿਹਾ, “ਸ੍ਰੀ ਕਰਤਾਰਪੁਰ ਸਾਹਿਬ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤਾਂ ਦਾ ਮੁੱਢ ਹੈ। ਇਹ ਲਾਂਘਾ ਸਿਰਫ਼ ਇੱਕ ਰਸਤਾ ਨਹੀਂ, ਸਗੋਂ ਇੱਕ ਅਜਿਹਾ ਪੁਲ ਹੈ ਜੋ ਸਿੱਖ ਸੰਗਤ ਨੂੰ ਉਸ ਧਰਤੀ ਨਾਲ ਮੁੜ ਜੋੜਦਾ ਹੈ ਜਿੱਥੇ ਸਾਡੇ ਗੁਰੂ ਸਾਹਿਬ ਨੇ ਚਰਨ ਪਾਏ ਸਨ।”

ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਅਤੇ ਮਨੁੱਖਤਾ ਨੂੰ ਸਮਾਨਤਾ, ਸੇਵਾ, ਭਾਈਚਾਰੇ ਅਤੇ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲਾਂਘਾ ਲੱਖਾਂ ਸੰਗਤਾਂ ਦੀਆਂ ਭਾਵਨਾਵਾਂ ਅਤੇ 1947 ਦੀ ਵੰਡ ਦੌਰਾਨ ਵਿਛੜੇ ਪਰਿਵਾਰਾਂ ਦੇ ਦਰਦ ਦੀ ਤਰਜਮਾਨੀ ਕਰਦਾ ਹੈ।

ਮੰਤਰੀ ਹਰਜੋਤ ਬੈਂਸ ਨੇ ਕਿਹਾ, “ਗੁਰੂ ਸਾਹਿਬ ਦਾ ਸੰਦੇਸ਼ ਸਾਰੇ ਧਰਮਾਂ ਅਤੇ ਸਮੁੱਚੀ ਲੋਕਾਈ ਲਈ ਹੈ, ਜੋ ਹੱਦਾਂ-ਸਰਹੱਦਾਂ ਤੋਂ ਪਰੇ ਹੈ। ਉਨ੍ਹਾਂ ਦੀ ਬਾਣੀ ਮਨੁੱਖਤਾ ਨੂੰ ਪਿਆਰ, ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਮਾਰਗ ਦਿਖਾਉਂਦੀ ਹੈ। ਇਸ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਾ ਰੱਖਣਾ ਧਾਰਮਿਕ ਆਜ਼ਾਦੀ, ਮਨੁੱਖੀ ਸਾਂਝ ਅਤੇ ਪੰਜਾਬ ਦੀ ਸਾਂਝੀ ਵਿਰਾਸਤ ਦੇ ਸਤਿਕਾਰ ਨਾਲ ਸਬੰਧਤ ਹੈ।”

“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਦੀ ਭਾਵਨਾ ਨੂੰ ਸਮਰਪਿਤ ਹੁੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਇਸ ਗਲਿਆਰੇ ਨੂੰ ਆਪਸੀ ਵਿਸ਼ਵਾਸ, ਸ਼ਾਂਤੀ, ਲੋਕਾਂ ਵਿਚਕਾਰ ਆਪਸੀ ਸਾਂਝ ਅਤੇ ਸਾਂਝੀ ਵਿਰਾਸਤ ਦੇ ਜੀਵੰਤ ਪ੍ਰਤੀਕ ਵਜੋਂ ਖੁੱਲ੍ਹਾ ਰੱਖਣ ਲਈ ਲਗਾਤਾਰ ਅਤੇ ਸੁਹਿਰਦ ਯਤਨ ਜਾਰੀ ਰੱਖਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਲਾਂਘੇ ਰਾਹੀਂ ਆਉਣ-ਜਾਣ ਸਬੰਧੀ ਪਾਬੰਦੀਆਂ ਅਤੇ ਰੁਕਾਵਟਾਂ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਦਰਸ਼ਨਾਂ ਤੋਂ ਵਾਂਝਾ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਤੇ ਵਿੱਚ ਕੇਂਦਰ ਨੂੰ ਸੰਗਤਾਂ, ਖਾਸ ਕਰਕੇ ਬਜ਼ੁਰਗਾਂ ਲਈ ਪ੍ਰਕਿਰਿਆਵਾਂ ਨੂੰ ਹੋਰ ਸਰਲ ਬਣਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸੰਗਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕੇ।

Leave a Reply

Your email address will not be published. Required fields are marked *

View in English