ਪੰਜਾਬ ਦੇ ਮੈਡੀਕਲ ਸਟੋਰਾਂ ‘ਤੇ ਨਹੀਂ ਮਿਲਣਗੀਆਂ ਇਹ ਦਵਾਈਆਂ: ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਪ੍ਰੀਗਾਬਾਲਿਨ ਦੀ ਵਿਕਰੀ ‘ਤੇ ਪੂਰਨ ਰੋਕ, ਮਰੀਜ਼ਾਂ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ

ਚੰਡੀਗੜ੍ਹ/ਲੁਧਿਆਣਾ, 26 ਅਕਤੂਬਰ, 2026 ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸੂਬੇ ਭਰ ਦੇ ਮੈਡੀਕਲ ਸਟੋਰਾਂ ‘ਤੇ ਪ੍ਰੀਗਾਬਾਲਿਨ (Pregabalin) ਸਮੇਤ ਹੋਰ ਸਾਰੀਆਂ ਲਤ ਲਗਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਨਾ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ। ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਾ ਯੂਨਿਟਾਂ, ਪ੍ਰਧਾਨਾਂ ਅਤੇ ਮੈਂਬਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਇਹ ਫ਼ੈਸਲਾ ਸੂਬੇ ਦੇ ਸਾਰੇ ਕੈਮਿਸਟਾਂ ਤੱਕ ਪਹੁੰਚਾਉਣ ਅਤੇ ਮੌਜੂਦਾ ਸਟਾਕ ਨੂੰ ਕਾਨੂੰਨੀ ਨਿਯਮਾਂ ਅਨੁਸਾਰ ਕੰਪਨੀਆਂ ਨੂੰ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ।

ਐਸੋਸੀਏਸ਼ਨ ਅਨੁਸਾਰ ਇਹ ਕਦਮ ਲਾਇਸੈਂਸਸ਼ੁਦਾ ਕੈਮਿਸਟਾਂ ਦੇ ਅਕਸ ਦੀ ਰਾਖੀ ਕਰਨ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਲਈ ਚੁੱਕਿਆ ਗਿਆ ਹੈ। ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਦੱਸਿਆ ਕਿ ਪੂਰਾ ਰਿਕਾਰਡ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਕੈਮਿਸਟਾਂ ਨੂੰ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਵਜੋਂ ਦੇਖਿਆ ਜਾਂਦਾ ਹੈ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਅਜਿਹੀਆਂ ਦਵਾਈਆਂ ਸਿਰਫ਼ ਆਪਣੇ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਦੁਕਾਨਾਂ ਰਾਹੀਂ ਹੀ ਮਰੀਜ਼ਾਂ ਨੂੰ ਉਪਲਬਧ ਕਰਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨਾਲ ਵੀ ਇਸ ਦਵਾਈ ਦੀ ਗ਼ਲਤ ਵਰਤੋਂ ਦਾ ਵਿਵਾਦ ਜੁੜਿਆ ਰਿਹਾ ਹੈ। ਹਾਲਾਂਕਿ, ਪ੍ਰੀਗਾਬਾਲਿਨ ਦੀ ਵਰਤੋਂ ਡਾਕਟਰਾਂ ਵੱਲੋਂ ਨਰਵ ਦਰਦ, ਮਿਰਗੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਲਿਖ ਕੇ ਦਿੱਤੀ ਜਾਂਦੀ ਹੈ। ਐਸੋਸੀਏਸ਼ਨ ਦੇ ਇਸ ਫ਼ੈਸਲੇ ਨਾਲ ਲੋੜਵੰਦ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ। ਸਿਹਤ ਮਾਹਰਾਂ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਡਾਕਟਰੀ ਸਲਾਹ ਦੇ ਆਪਣੀ ਮਰਜ਼ੀ ਨਾਲ ਦਵਾਈ ਬੰਦ ਨਾ ਕਰਨ ਅਤੇ ਵਿਕਲਪਿਕ ਇਲਾਜ ਲਈ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰਨ।

Leave a Reply

Your email address will not be published. Required fields are marked *

View in English