ਫੈਕਟ ਸਮਾਚਾਰ ਸੇਵਾ
ਪਟਿਆਲਾ , ਦਸੰਬਰ 30
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਡਰੱਗ ਕੇਸ ‘ਚ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪੁੱਜੇ। ਇੱਥੇ ਪਟਿਆਲਾ ਦਫ਼ਤਰ ‘ਚ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਐੱਸਆਈਟੀ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੀ ਹੈ। ਦੱਸ ਦੇਈਏ ਕਿ ਦਫ਼ਤਰ ਪੁੱਜਣ ਤੋਂ ਪਹਿਲਾਂ ਮਜੀਠੀਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਗ੍ਰਿਫ਼ਤਾਰੀ ਦਾ ਖਦਸ਼ਾ ਪ੍ਰਗਟਾਇਆ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਖਿਲਾਫ ਝੂਠਾ ਕੇਸ ਬਣਾਇਆ ਜਾ ਰਿਹਾ ਹੈ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ’ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਤਿਆਰ ਕਰਨ ਦੇ ਯਤਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੱਸਣ ਕਿ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਨ੍ਹਾਂ ਨੂੰ ਕੇਸ ਵਿਚ ਗਵਾਹ ਬਣਨ ਤੇ ਝੂਠਾ ਬਿਆਨ ਦੇਣ ਵਾਸਤੇ ਕਿਉਂ ਮਜਬੂਰ ਕਰ ਰਹੇ ਹਨ।
ਐਡਵੋਕੇਟ ਕਲੇਰ ਨੇ ਬੀਤੇ ਦਿਨ ਅਕਾਲੀ ਦਲ ਦੇ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਪਕਾਰ ਸਿੰਘ ਸੰਧੂ ਨੂੰ ਪਹਿਲਾਂ ਗਵਾਹ ਵਜੋਂ ਸੱਦਿਆ ਗਿਆ। ਜਦੋਂ ਉਸਨੇ ਦੋ ਸਾਲ ਪਹਿਲਾਂ ਮਜੀਠੀਆ ਖਿਲਾਫ਼ ਦਰਜ਼ ਕੀਤੇ ਝੂਠੇ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ’ਤੇ ਨਾਂਹ ਕਰ ਦਿੱਤੀ ਤਾਂ ਇਕ ਵਕੀਲ ਉਸਦੇ ਘਰ ਪੁੱਜਿਆ ਅਤੇ ਝੂਠੇ ਬਿਆਨ ’ਤੇ ਦਸਤਖ਼ਤ ਕਰਨ ਲਈ ਕਿਹਾ।







