ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਗਸਤ 10
ਹਰਿਆਣਾ ਸਰਕਾਰ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਛੋਟ ਦੇ ਕੇ 43 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ 7 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਜਿਨ੍ਹਾਂ ਨੇ ਆਪਣੀ ਅਸਲ ਸਜ਼ਾ ਦਾ 50 ਫੀਸਦੀ ਬਿਨਾਂ ਮੁਆਫੀ ਦੇ ਪੂਰੀ ਕਰ ਲਈ ਹੈ। ਇਸ ਦੇ ਨਾਲ ਹੀ 33 ਅਜਿਹੇ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇਗਾ, ਜਿਨ੍ਹਾਂ ਨੇ ਬਿਨਾਂ ਮੁਆਫੀ ਦੇ ਅਸਲ ਸਜ਼ਾ ਦੀ ਮਿਆਦ ਦਾ ਦੋ ਤਿਹਾਈ ਜਾਂ 66 ਫੀਸਦੀ ਤੱਕ ਪੂਰੀ ਕਰ ਲਈ ਹੈ।
3 ਅਜਿਹੇ ਸਜਾਯਾਫਤਾ ਕੈਦੀ ਹਨ ਜਿਨ੍ਹਾਂ ਨੇ ਆਪਣੀ ਸਜਾ ਤਾਂ ਪੂਰੀ ਕਰ ਲਈ ਹੈ ਪਰ ਉਹ ਗਰੀਬ ਹੋਣ ਕਾਰਨ ਜੁਰਮਾਨਾ ਭਰਨ ਦੇ ਸਮਰੱਥ ਨਹੀਂ ਹਨ। ਉਹਨਾਂ ਨੂੰ ਵੀ ਵਿਸ਼ੇਸ਼ ਛੋਟ ਦੇ ਲਾਭ ਨਾਲ 15 ਅਗਸਤ ਨੂੰ ਰਿਹਾਅ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਉਕਤ ਕੈਦੀਆਂ ਨੂੰ ਕਿਸੇ ਵੀ ਅਦਾਲਤ ਵੱਲੋਂ ਲਗਾਏ ਜੁਰਮਾਨੇ ਦੀ ਰਾਸ਼ੀ ਜਮਾਂ ਕਰਵਾਉਣੀ ਹੋਵੇਗੀ, ਜੇਕਰ ਉਹ ਇਹ ਰਕਮ 15 ਅਗਸਤ ਤੋਂ ਪਹਿਲਾਂ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ।







