ਅਮਰੀਕਾ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਹੰਗਾਮਾ

ਫੈਕਟ ਸਮਾਚਾਰ ਸੇਵਾ

ਮੁੰਬਈ , ਮਈ 19

ਅਮਰੀਕਾ ਦੇ ਨੇਵਾਰਕ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਕਾਫੀ ਹੰਗਾਮਾ ਹੋਇਆ। ਦਰਅਸਲ ਸਫਰ ਦੌਰਾਨ ਇਕ ਯਾਤਰੀ ਨੂੰ ਪੈਨਿਕ ਅਟੈਕ ਆ ਗਿਆ, ਜਿਸ ਤੋਂ ਬਾਅਦ ਉਸ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਯਾਤਰੀ ਨੇ ਆਪਣੀ ਪਤਨੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਚਾਲਕ ਦਲ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਯਾਤਰੀ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਫਲਾਈਟ ਸਹੀ ਸਮੇਂ ‘ਤੇ ਮੁੰਬਈ ਏਅਰਪੋਰਟ ‘ਤੇ ਲੈਂਡ ਕਰ ਸਕੀ।

ਜਾਣਕਾਰੀ ਅਨੁਸਾਰ ਬਿਜ਼ਨੈੱਸ ਕਲਾਸ ‘ਚ ਸਫਰ ਕਰ ਰਹੇ ਮੁੰਬਈ ਦੇ ਇਕ ਕਾਰੋਬਾਰੀ ਨੇ ਨੇਵਾਰਕ ਤੋਂ ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਯਾਤਰੀ ਨੇ ਰੌਲਾ ਪਾਇਆ ਅਤੇ ਫਲਾਈਟ ਨੂੰ ਉਤਾਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਚਾਲਕ ਦਲ ਦੇ ਮੈਂਬਰਾਂ ਅਤੇ ਉਸਦੀ ਪਤਨੀ ਨੇ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪਣੀ ਪਤਨੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਬਾਅਦ ਕਰੂ ਮੈਂਬਰਾਂ ਨੇ ਫਲਾਈਟ ‘ਚ ਮੌਜੂਦ ਡਾਕਟਰ ਦੀ ਮਦਦ ਨਾਲ ਯਾਤਰੀ ਨੂੰ ਟੀਕਾ ਲਗਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਜਹਾਜ਼ ਸਮੇਂ ਸਿਰ ਮੁੰਬਈ ਹਵਾਈ ਅੱਡੇ ‘ਤੇ ਉਤਰਿਆ। ਹੰਗਾਮਾ ਕਰਨ ਵਾਲੇ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਪੈਨਿਕ ਅਟੈਕ ਆਉਂਦੇ ਹਨ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਦਵਾਈ ਵੀ ਨਹੀਂ ਲੈ ਰਿਹਾ ਸੀ।

Leave a Reply

Your email address will not be published. Required fields are marked *

View in English