ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ ,ਅਕਤੂਬਰ 27
ਚੰਡੀਗੜ੍ਹ ਤੋਂ ਜੈਪੁਰ, ਕਟੜਾ, ਮਨਾਲੀ, ਅਬੋਹਰ, ਅੰਮ੍ਰਿਤਸਰ ਅਤੇ ਫਤਿਹਾਬਾਦ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਟਰਾਂਸਪੋਰਟ ਵਿਭਾਗ ਨੇ ਲੰਬੇ ਰੂਟਾਂ ‘ਤੇ ਚੱਲਣ ਲਈ 20 HVAC (ਹੀਟ ਵੈਂਟੀਲੇਸ਼ਨ ਏਅਰ ਕੰਡੀਸ਼ਨਰ) ਬੱਸਾਂ ਦੀ ਖਰੀਦ ਕੀਤੀ ਹੈ। ਇਨ੍ਹਾਂ ਸਾਰਿਆਂ ਲਈ ਰੂਟ ਤੈਅ ਕਰ ਦਿੱਤੇ ਗਏ ਹਨ ਅਤੇ ਹਰੀ ਝੰਡੀ ਦੇਣ ਲਈ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਤੋਂ ਸਮਾਂ ਮੰਗਿਆ ਗਿਆ ਹੈ।
ਇਨ੍ਹਾਂ ਬੱਸਾਂ ਦੇ ਚੱਲਣ ਤੋਂ ਬਾਅਦ ਲੋਕਾਂ ਨੂੰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਸਿੱਧੀਆਂ ਬੱਸਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਹ ਬੱਸਾਂ ਜੈਪੁਰ, ਫਤਿਹਾਬਾਦ, ਅਬੋਹਰ, ਚੰਡੀਗੜ੍ਹ-ਬਟਾਲਾ ਵੱਲੋਂ ਡੇਰਾ ਬਿਆਸ, ਜੰਮੂ-ਕਟੜਾ, ਪਠਾਨਕੋਟ, ਹਰਿਦੁਆਰ, ਅੰਮ੍ਰਿਤਸਰ, ਲੁਧਿਆਣਾ, ਝੱਜਰ, ਸ਼ਿਮਲਾ ਅਤੇ ਮਨਾਲੀ ਦੇ ਦੋ ਰੂਟਾਂ ਲਈ ਚੱਲਣਗੀਆਂ। ਇਨ੍ਹਾਂ ਵਿੱਚੋਂ ਅੰਮ੍ਰਿਤਸਰ, ਲੁਧਿਆਣਾ, ਸ਼ਿਮਲਾ ਅਤੇ ਮਨਾਲੀ ਲਈ ਪਹਿਲਾਂ ਹੀ ਬੱਸਾਂ ਚੱਲ ਰਹੀਆਂ ਹਨ ਪਰ ਵਾਧੂ ਬੱਸਾਂ ਆਉਣ ਨਾਲ ਇਸ ਰੂਟ ’ਤੇ ਬੱਸਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।
ਫਿਲਹਾਲ ਚੰਡੀਗੜ੍ਹ ਤੋਂ ਸੀਟੀਯੂ ਦੀ ਬੱਸ ਮਨਾਲੀ ਲਈ ਰਾਤ ਨੂੰ ਹੀ ਚੱਲਦੀ ਹੈ ਪਰ ਹੁਣ ਇਹ ਬੱਸ ਦਿਨ ਵੇਲੇ ਵੀ ਚੱਲੇਗੀ। ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦਿਊਮਨ ਸਿੰਘ ਨੇ ਕਿਹਾ ਕਿ ਲੰਬੇ ਰੂਟ ‘ਤੇ ਬੱਸਾਂ ਦੀ ਸੇਵਾ ਨੂੰ ਬਿਹਤਰ ਬਣਾਉਣ ਲਈ ਹੀ ਕਈ ਨਵੇਂ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਰੂਟ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਵੱਲੋਂ ਵਧੀਆ ਹੁੰਗਾਰਾ ਮਿਲਣ ਦੀ ਉਮੀਦ ਹੈ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੂਟ ਤੈਅ ਕੀਤੇ ਗਏ ਹਨ। ਇਨ੍ਹਾਂ ਦੀ ਸ਼ੁਰੂਆਤ ਪ੍ਰਬੰਧਕਾਂ ਵੱਲੋਂ ਉਦਘਾਟਨ ਕਰਕੇ ਕੀਤੀ ਜਾਵੇਗੀ।







