ਫੈਕਟ ਸਮਾਚਾਰ ਸੇਵਾ
ਸੋਨੀਪਤ, ਮਾਰਚ 23
ਸੋਨੀਪਤ ਦੇ ਮਾਡਲ ਟਾਊਨ, ਜੀਵਨ ਨਗਰ ਅਤੇ ਓਲਡ ਡੀਸੀ ਰੋਡ ਖੇਤਰਾਂ ਵਿੱਚ 250 ਤੋਂ ਵੱਧ ਲੋਕ ਕੁੱਟੂ ਦਾ ਆਟਾ ਖਾਣ ਨਾਲ ਬਿਮਾਰ ਹੋ ਗਏ ਹਨ। ਉਨਾਂ ਦੀ ਹਾਲਤ ਵਿਗੜਨ ’ਤੇ ਉਨਾਂ ਨੂੰ ਸਿਵਲ ਹਸਪਤਾਲ ਅਤੇ ਹੋਰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਰਾਤ 11 ਵਜੇ ਤੋਂ ਹੀ ਲੋਕ ਸਿਵਲ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ। ਵੱਖ-ਵੱਖ ਸਮੇਂ ‘ਤੇ ਪਹੁੰਚੇ ਅੱਠ ਤੋਂ ਦਸ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਸੀ ਸੋਨੀਪਤ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪੂਰੀ ਦੇਖਭਾਲ ਕਰ ਰਿਹਾ ਹੈ, ਸੀਐਮਓ ਅਤੇ ਫੂਡ ਸੇਫਟੀ ਵਿਭਾਗ ਦੀ ਟੀਮ ਬਣਾਈ ਅਤੇ ਜਾਂਚ ਸ਼ੁਰੂ ਕੀਤੀ।
ਬੀਤੇ ਦਿਨ ਨਵਰਾਤਰੀ ਦਾ ਪਹਿਲਾ ਦਿਨ ਸੀ ਅਤੇ ਜ਼ਿਆਦਾਤਰ ਲੋਕਾਂ ਨੇ ਨਵਰਾਤਰੀ ਦਾ ਵਰਤ ਰੱਖਿਆ ਹੋਇਆ ਸੀ। ਸ਼ਾਮ ਨੂੰ ਵਰਤ ਖੋਲਦੇ ਹੋਏ ਉਨਾਂ ਨੇ ਕੁੱਟੂ ਦੇ ਆਟੇ ਦਾ ਸੇਵਨ ਕੀਤਾ। ਕੁਝ ਸਮੇਂ ਬਾਅਦ ਸਭ ਨੂੰ ਉਲਟੀਆਂ-ਦਸਤ, ਪੇਟ ਦਰਦ, ਲੋਅ ਬੀਪੀ ਅਤੇ ਖਾਂਸੀ ਹੋਣ ਲੱਗ ਪਈ। ਸਿਹਤ ਵਿਗੜਦੀ ਦੇਖ ਪਰਿਵਾਰਕ ਮੈਂਬਰਾਂ ਨੇ ਮਰੀਜਾਂ ਨੂੰ ਹਸਪਤਾਲ ਦਾਖਲ ਕਰਵਾਇਆ। ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ: ਰਾਜੇਸ਼ ਸਿੰਘਲ ਨੇ ਦੱਸਿਆ ਕਿ ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਰਾਤ ਨੂੰ ਵਰਤ ਤੋੜਦਿਆਂ ਕੱਟੂ ਦੇ ਆਟੇ ਦਾ ਸੇਵਨ ਕੀਤਾ ਸੀ। ਇਸ ਦੇ ਸੇਵਨ ਤੋਂ ਬਾਅਦ ਮਰੀਜ਼ਾਂ ਨੂੰ ਪੇਟ ਦਰਦ, ਉਲਟੀਆਂ-ਦਸਤ ਅਤੇ ਘੱਟ ਬੀ.ਪੀ. ਦੀ ਸ਼ਿਕਾਇਤ ਹੋਣ ਲੱਗੀ। ਰਾਤ 11 ਵਜੇ ਤੋਂ ਹੀ ਮਰੀਜ਼ ਆਉਣੇ ਸ਼ੁਰੂ ਹੋ ਗਏ। ਸਵੇਰੇ 5 ਵਜੇ ਤੱਕ 150 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਗਿਆ।







