ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 11
ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਦੇ ਟਿਕਾਣਿਆਂ ਤੋਂ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲਣ ਦੇ ਮੁੱਦੇ ‘ਤੇ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਭਾਜਪਾ ਲਗਾਤਾਰ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧ ਰਹੀ ਹੈ। ਦੂਜੇ ਪਾਸੇ ਕਾਂਗਰਸ ਨੇ ਇਸ ਮਾਮਲੇ ਤੋਂ ਦੂਰੀ ਬਣਾ ਲਈ ਹੈ। ਉਸਦਾ ਸਪੱਸ਼ਟ ਕਹਿਣਾ ਹੈ ਕਿ ਪਾਰਟੀ ਦਾ ਇਸ ਪੈਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਭਾਜਪਾ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਕਾਂਗਰਸ ਪਾਰਟੀ ਨਾਲ ਜੋੜ ਰਹੀ ਹੈ। ਜੇਕਰ ਕਿਤੇ ਤੋਂ ਬੇਹਿਸਾਬ ਪੈਸਾ ਬਰਾਮਦ ਹੋਇਆ ਹੈ ਤਾਂ ਇਸ ਨਾਲ ਜੁੜੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇ ਨਾ ਹੀ ਕਾਂਗਰਸ ਪਾਰਟੀ ਅਤੇ ਨਾ ਹੀ ਇਸ ਦੀ ਮੈਂਬਰਸ਼ਿਪ ਦਾ ਇਸ ਨਾਲ ਕੋਈ ਲੈਣਾ-ਦੇਣਾ ਹੈ।







