ਲੋਕ ਸਭਾ ‘ਚ ਨਹਿਰੂ-ਗਾਂਧੀ ਪਰਿਵਾਰ ਦੀ 16ਵੀਂ ਮੈਂਬਰ ਬਣੀ ਪ੍ਰਿਅੰਕਾ, ਦੁਹਰਾਇਆ 71 ਸਾਲ ਪੁਰਾਣਾ ਇਤਿਹਾਸ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਨਵੰਬਰ 28

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਦੇ ਨਾਲ ਹੀ ਗਾਂਧੀ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਦੇਸ਼ ਦੀ ਸੰਸਦ ਵਿੱਚ ਐਂਟਰੀ ਕੀਤੀ ਹੈ। ਪ੍ਰਿਅੰਕਾ ਗਾਂਧੀ ਲੋਕ ਸਭਾ ਲਈ ਚੁਣੀ ਜਾਣ ਵਾਲੀ ਨਹਿਰੂ ਪਰਿਵਾਰ ਦੀ 16ਵੀਂ ਮੈਂਬਰ ਹੈ। ਦੇਸ਼ ਦੇ ਸੰਸਦੀ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਜਦੋਂ ਗਾਂਧੀ ਪਰਿਵਾਰ ਦਾ ਘੱਟੋ-ਘੱਟ ਇੱਕ ਮੈਂਬਰ ਲੋਕ ਸਭਾ ਵਿੱਚ ਨਾ ਪੁੱਜਿਆ ਹੋਵੇ। ਅਜਿਹੇ ਮੌਕੇ ਵੀ ਆਏ ਹਨ ਜਦੋਂ ਗਾਂਧੀ-ਨਹਿਰੂ ਪਰਿਵਾਰ ਨਾਲ ਸਬੰਧਤ 5-5 ਮੈਂਬਰ ਇਕੱਠੇ ਲੋਕ ਸਭਾ ਪੁੱਜੇ ਸਨ।

ਮੌਜੂਦਾ ਲੋਕ ਸਭਾ ‘ਚ ਰਾਹੁਲ ਗਾਂਧੀ ਤੋਂ ਬਾਅਦ ਉਨ੍ਹਾਂ ਦੀ ਭੈਣ ਪ੍ਰਿਅੰਕਾ ਵੀ ਸੰਸਦ ਪਹੁੰਚੀ। ਰਾਹੁਲ ਅਤੇ ਪ੍ਰਿਅੰਕਾ ਦੀ ਮਾਂ ਸੋਨੀਆ ਗਾਂਧੀ ਲੰਬੇ ਸਮੇਂ ਤੋਂ ਲੋਕ ਸਭਾ ਮੈਂਬਰ ਹਨ। ਇਸ ਸਮੇਂ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਗਾਂਧੀ ਪਰਿਵਾਰ ਦੀ ਮਾਂ ਅਤੇ ਉਨ੍ਹਾਂ ਦੇ ਦੋ ਬੱਚੇ ਇਕੱਠੇ ਸੰਸਦ ਮੈਂਬਰ ਹੋਣਗੇ। ਪ੍ਰਿਅੰਕਾ ਅਤੇ ਰਾਹੁਲ ਦੇ ਸਦਨ ‘ਚ ਇਕੱਠੇ ਬੈਠਦਿਆਂ ਹੀ ਇਕ ਹੋਰ ਇਤਿਹਾਸ ਦੁਹਰਾਇਆ ਗਿਆ। 71 ਸਾਲ ਪਹਿਲਾਂ 1953 ਤੱਕ ਜਵਾਹਰ ਲਾਲ ਨਹਿਰੂ ਅਤੇ ਵਿਜੇਲਕਸ਼ਮੀ ਪੰਡਿਤ ਦੀ ਭੈਣ-ਭਰਾ ਦੀ ਜੋੜੀ ਸਦਨ ‘ਚ ਨਜ਼ਰ ਆਉਂਦੀ ਸੀ। ਹੁਣ 71 ਸਾਲਾਂ ਬਾਅਦ ਨਹਿਰੂ-ਗਾਂਧੀ ਪਰਿਵਾਰ ਦੇ ਭੈਣ-ਭਰਾ ਫਿਰ ਇਕੱਠੇ ਨਜ਼ਰ ਆਏ ਹਨ।

Leave a Reply

Your email address will not be published. Required fields are marked *

View in English