ਫੈਕਟ ਸਮਾਚਾਰ ਸੇਵਾ
ਗ੍ਰੇਟਰ ਨੋਇਡਾ , ਜਨਵਰੀ 14
ਸੰਘਣੀ ਧੁੰਦ ਕਾਰਨ ਅੱਜ ਸਵੇਰੇ ਗ੍ਰੇਟਰ ਨੋਇਡਾ ਦੇ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਭਿਆਨਕ ਹਾਦਸਾ ਵਾਪਰ ਗਿਆ। ਪਲਵਲ ਤੋਂ ਨੋਇਡਾ ਜਾਣ ਵਾਲੇ ਰਸਤੇ ‘ਤੇ ਈਸਟਰਨ ਪੈਰੀਫੇਰਲ ‘ਤੇ ਇੰਡੀਅਨ ਪੈਟਰੋਲ ਪੰਪ ਨੇੜੇ ਜ਼ਿਆਦਾ ਧੁੰਦ ਕਾਰਨ ਇਕ ਚੱਲਦਾ ਟਰੱਕ ਡਿਵਾਈਡਰ ਨੂੰ ਤੋੜ ਕੇ ਉਸ ਦੇ ਉੱਪਰ ਜਾ ਵੱਜਿਆ। ਜਿਸ ਕਾਰਨ ਪਿੱਛੇ ਤੋਂ ਆ ਰਹੇ ਪੰਜ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਡਰਾਈਵਰ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਸਪੱਸ਼ਟ ਨਹੀਂ ਹੋਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਆਵਾਜਾਈ ਕੁਝ ਸਮੇਂ ਲਈ ਪ੍ਰਭਾਵਿਤ ਹੋਈ।







