ਨਵੀਂ ਦਿੱਲੀ/ਹੈਦਰਾਬਾਦ, 12 ਅਕਤੂਬਰ, 2026: ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਦੌਰਾਨ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਜਹਾਜ਼ ਦੇ ਉੱਪਰਲੇ ਸਾਮਾਨ ਵਾਲੇ ਡੱਬੇ ਵਿੱਚ ਰੱਖੇ ਇੱਕ ਯਾਤਰੀ ਦੇ ਪਾਵਰ ਬੈਂਕ ਵਿੱਚ ਖ਼ਰਾਬੀ ਕਾਰਨ ਅੱਗ ਲੱਗ ਗਈ। ਇਸ ਘਟਨਾ ਕਾਰਨ ਜਹਾਜ਼ ਨੂੰ ਐਮਰਜੈਂਸੀ ਹਾਲਤ ਵਿੱਚ ਹੈਦਰਾਬਾਦ ਵੱਲ ਮੋੜਨਾ ਪਿਆ, ਜਿੱਥੇ ਇਸ ਨੂੰ ਸੁਰੱਖਿਅਤ ਉਤਾਰ ਲਿਆ ਗਿਆ।
ਇੰਡੀਗੋ ਦੀ ਫਲਾਈਟ 6E 6115 (ਏਅਰਬੱਸ A321-251N) ਨੇ ਦਿੱਲੀ ਤੋਂ ਦੁਪਹਿਰ 1:30 ਵਜੇ ਚੇਨਈ ਲਈ ਉਡਾਣ ਭਰੀ ਸੀ। ਯਾਤਰਾ ਦੌਰਾਨ ਜਦੋਂ ਓਵਰਹੈੱਡ ਬਿਨ ਵਿੱਚੋਂ ਧੂੰਆਂ ਨਿਕਲਣ ਅਤੇ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਕੈਬਿਨ ਕਰੂ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਸਥਾਪਿਤ ਪ੍ਰੋਟੋਕੋਲ ਤਹਿਤ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾ ਲਿਆ। ਇਸ ਦੌਰਾਨ ਕੁਝ ਯਾਤਰੀਆਂ ਨੂੰ ਆਪਣੇ ਬੈਗਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਵੀ ਦੇਖਿਆ ਗਿਆ, ਜਿਸ ਦੀ ਇੱਕ ਡਰਾਉਣੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ।
ਸੁਰੱਖਿਆ ਨੂੰ ਮੁੱਖ ਰੱਖਦਿਆਂ ਪਾਇਲਟਾਂ ਨੇ ਫਲਾਈਟ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ, ਜਿੱਥੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ। ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਬਿਲਕੁਲ ਸੁਰੱਖਿਅਤ ਹਨ। ਬਾਅਦ ਵਿੱਚ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਚੇਨਈ ਪਹੁੰਚਾਉਣ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਅਤੇ ਪ੍ਰਭਾਵਿਤ ਯਾਤਰੀਆਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ।







