ਫੈਕਟ ਸਮਾਚਾਰ ਸੇਵਾ
ਬੀਜਿੰਗ , ਨਵੰਬਰ 29
ਦੁਨੀਆ ਨੇ ਅਜੇ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਇਆ ਹੀ ਸੀ ਪਰ ਹੁਣ ਇਕ ਵਾਰ ਫਿਰ ਗੁਆਂਢੀ ਦੇਸ਼ ਚੀਨ ‘ਚ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਚੀਨ ਵਿਚ ਫੈਲੀ ਇਸ ਰਹੱਸਮਈ ਬਿਮਾਰੀ ਨੇ ਬੱਚਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। WHO ਵੀ ਚੀਨ ਦੀ ਇਸ ਬਿਮਾਰੀ ਨੂੰ ਲੈ ਕੇ ਸਖ਼ਤ ਹੋ ਗਿਆ ਹੈ ਅਤੇ ਇਸ ਬਿਮਾਰੀ ਨੂੰ ਲੈ ਕੇ ਪੂਰੀ ਨਜ਼ਰ ਰੱਖ ਰਿਹਾ ਹੈ।
ਚੀਨ ਵਿਚ ਫੈਲਣ ਵਾਲੀ ਨਵੀਂ ਬਿਮਾਰੀ ਦਾ ਨਾਂ ਨਿਮੋਨੀਆ ਦੱਸਿਆ ਜਾ ਰਿਹਾ ਹੈ। ਇਸ ਨਵੀਂ ਇਨਫੈਕਸ਼ਨ ਕਾਰਨ ਚੀਨ ਦੇ ਹਸਪਤਾਲਾਂ ‘ਚ ਬੱਚਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਵੇਂ ਵਾਇਰਸ ਨੂੰ ਰਹੱਸਮਈ ਨਿਮੋਨੀਆ ਵਾਇਰਸ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੇ ਕੁਝ ਲੱਛਣ ਆਮ ਨਿਮੋਨੀਆ ਨਾਲ ਮਿਲਦੇ-ਜੁਲਦੇ ਹਨ ਤੇ ਕੁਝ ਵੱਖਰੇ ਵੀ ਹਨ।
ਚੀਨ ਦੇ ਇਸ ਰਹੱਸਮਈ ਨਿਮੋਨੀਆ ‘ਚ ਬੱਚਿਆਂ ਨੂੰ ਬਿਨਾਂ ਬਲਗਮ ਵਾਲੀ ਖੰਘ ਦੇ ਨਾਲ-ਨਾਲ ਤੇਜ਼ ਬੁਖਾਰ ਤੇ ਫੇਫੜਿਆਂ ‘ਚ ਸੋਜ਼ ਦੀ ਸ਼ਿਕਾਇਤ ਹੋ ਰਹੀ ਹੈ।
ਚੀਨ ‘ਚ ਖਾਸ ਕਰਕੇ ਬੱਚਿਆਂ ‘ਚ ਸਾਹ ਦੀਆਂ ਬਿਮਾਰੀਆਂ ‘ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਤਿਆਰੀ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਰਾਜਸਥਾਨ, ਗੁਜਰਾਤ, ਉੱਤਰਾਖੰਡ, ਕਰਨਾਟਕ ਅਤੇ ਤਾਮਿਲਨਾਡੂ ਸਮੇਤ ਪੰਜ ਸੂਬਿਆਂ ਨੇ ਆਪਣੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਅਲਰਟ ‘ਤੇ ਰੱਖਿਆ ਹੈ।
ਕਰਨਾਟਕ ਦੇ ਸਿਹਤ ਵਿਭਾਗ ਨੇ ਵੀ ਨਾਗਰਿਕਾਂ ਨੂੰ ਮੌਸਮੀ ਫਲੂ ਵਰਗੀਆਂ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।







