ਚਿੰਤਪੁਰਨੀ ‘ਚ ਖਾਲਿਸਤਾਨ ਦੇ ਨਾਅਰੇ ਲਿਖਣ ਦੇ ਇਲਜ਼ਾਮ ‘ਚ ਤਿੰਨ ਨੌਜਵਾਨ ਗ੍ਰਿਫ਼ਤਾਰ

ਹਿਮਾਚਲ ਦੇ ਊਨਾ ਜ਼ਿਲ੍ਹਾ ਦੇ ਚਿੰਤਪੁਰਨੀ ਤਲਵਾੜਾ ਬਾਈਪਾਸ ‘ਤੇ ਦੁਕਾਨਾਂ ਦੇ ਸ਼ਟਰਾਂ ਤੇ ਕੰਧਾਂ ‘ਤੇ ਖਾਲਿਸਤਾਨ ਸਬੰਧੀ ਨਾਅਰੇ ਲਿਖਣ ਦੇ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਚਿੰਤਪੁਰਨੀ ਪੁਲਿਸ ਨੇ ਪੰਜਾਬ ਦੇ ਜਲੰਧਰ ਦੇ ਗੌਰਾਇਆਂ ਤੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਚਿੰਤਪੁਰਨੀ ਥਾਣੇ ਲਿਆਂਦਾ ਹੈ। ਚਿੰਤਪੁਰਨੀ ਥਾਣੇ ਦੀ ਐਸਐਚਓ ਰੋਹਿਣੀ ਠਾਕੁਰ ਤੇ ਏਐਸਆਈ ਮਹਿੰਦਰ ਸਿੰਘ ਸੋਨੀ, ਏਐਸਆਈ ਨਰੇਸ਼ ਕੁਮਾਰ ਦੀ ਟੀਮ ਨੇ ਨਾਅਰੇ ਲਿਖਣ ਦੇ ਤਿੰਨ ਦਿਨਾਂ ਦੇ ਅੰਦਰ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਨਾਅਰੇ ਲਿਖ ਕੇ ਸੂਬੇ ਦੀ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਘਟਨਾ ਵਾਲੇ ਦਿਨ ਤਿੰਨੋਂ ਨੌਜਵਾਨ ਰਾਤ ਨੂੰ ਇੱਕ ਹੋਟਲ ਵਿੱਚ ਰੁਕੇ ਹੋਏ ਸਨ।

ਤਿੰਨ ਦਿਨ ਪਹਿਲਾਂ ਚਿੰਤਪੁਰਨੀ ਤਲਵਾੜਾ ਬਾਈਪਾਸ ‘ਤੇ ਕੁਝ ਦੁਕਾਨਾਂ ਦੇ ਸ਼ਟਰਾਂ ਤੇ ਕੰਧਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਤੇ ਹਿਮਾਚਲ ਬਣੇਗਾ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆਸ-ਪਾਸ ਦੇ ਹੋਟਲਾਂ ਤੇ ਹੋਰ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ। ਇਸ ਦੇ ਆਧਾਰ ‘ਤੇ ਪੁਲਿਸ ਦੋਸ਼ੀਆਂ ਤੱਕ ਪਹੁੰਚਣ ‘ਚ ਕਾਮਯਾਬ ਰਹੀ।

ਚਿੰਤਪੁਰਨੀ ਪੁਲਿਸ ਨੇ ਫੂਲ ਚੰਦ ਵਾਸੀ, ਅਰਜਿੰਦਰ ਸਿੰਘ ਉਰਫ਼ ਜਿੰਦਾ ਤੇ ਹੈਰੀ ਵਾਸੀ ਸੰਘ ਢੇਸੀਆਂ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਦੀ ਉਮਰ ਕ੍ਰਮਵਾਰ 24, 26 ਤੇ 21 ਸਾਲ ਹੈ। ਪੁਲਿਸ ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਨੇ ਖਾਲਿਸਤਾਨ ਦੇ ਨਾਅਰੇ ਕਿਸ ਦੇ ਕਹਿਣ ‘ਤੇ ਲਿਖੇ ਸਨ।

Leave a Reply

Your email address will not be published. Required fields are marked *

View in English