ਖੰਨਾ ‘ਚ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਧਮਾਕੇ

ਫੈਕਟ ਸਮਾਚਾਰ ਸੇਵਾ

ਖੰਨਾ , ਜੂਨ 22

ਖੰਨਾ ਦੇ ਪਿੰਡ ਘੁਡਾਣੀ ਨੇੜੇ ਰਾੜਾ ਸਾਹਿਬ ਰੋਡ ‘ਤੇ ਬੀਤੀ ਰਾਤ ਕਰੀਬ 11 ਵਜੇ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਕਈ ਸਿਲੰਡਰਾਂ ਵਿੱਚ ਧਮਾਕਾ ਵੀ ਹੋਇਆ। ਆਲੇ-ਦੁਆਲੇ ਬਹੁਤ ਸਾਰੇ ਦਰੱਖਤ ਸੜ ਗਏ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਕਿਸੇ ਵੀ ਤਰ੍ਹਾਂ ਦੀ ਦੇਰੀ ਨਾਲ ਇਹ ਅੱਗ ਸੜਕ ਕਿਨਾਰੇ ਲੱਗੇ ਦਰੱਖਤਾਂ ਨੂੰ ਚੜ੍ਹਕੇ ਭਿਆਨਕ ਰੂਪ ਧਾਰਨ ਕਰ ਸਕਦੀ ਸੀ ਅਤੇ ਪਿੰਡ ਦੇ ਅੰਦਰ ਵੀ ਪਹੁੰਚ ਸਕਦੀ ਸੀ।

ਜਾਣਕਾਰੀ ਅਨੁਸਾਰ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇੱਕ ਫੈਕਟਰੀ ਜਾ ਰਿਹਾ ਸੀ। ਟਰੱਕ ਵਿੱਚ 285 ਸਿਲੰਡਰ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ। ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰਾਂ ਨੂੰ ਅੱਗ ਲੱਗ ਗਈ। ਟਰੱਕ ਚਾਲਕ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸੇ ਦੌਰਾਨ ਪਿੰਡ ਦੇ ਇੱਕ ਵਿਅਕਤੀ ਨੇ ਅੱਗ ਨੂੰ ਦੇਖ ਕੇ ਪੁਲੀਸ ਅਤੇ ਖੰਨਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ‘ਤੇ ਕਾਬੂ ਪਾਉਣ ‘ਚ ਕਰੀਬ ਅੱਧਾ ਪੌਣਾ ਘੰਟਾ ਲੱਗਾ।

Leave a Reply

Your email address will not be published. Required fields are marked *

View in English