ਨਵੀਂ ਦਿੱਲੀ, 6 ਸਤੰਬਰ
ਆਮ ਬੁਖਾਰ, ਜ਼ੁਕਾਮ ਜਾਂ ਗਲੇ ਦੀ ਖਰਾਸ਼ ਹੋਣ ‘ਤੇ ਬਿਨਾਂ ਡਾਕਟਰੀ ਸਲਾਹ ਦੇ ਐਂਟੀਬਾਇਓਟਿਕਸ ਲੈਣ ਦੀ ਆਦਤ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਅਪੋਲੋ ਹਸਪਤਾਲ ਦੇ ਡਾਕਟਰਾਂ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਨੁਸਾਰ, ਐਂਟੀਬਾਇਓਟਿਕਸ ਦੀ ਬੇਲੋੜੀ ਅਤੇ ਵਾਰ-ਵਾਰ ਵਰਤੋਂ ਸਰੀਰ ਦੀ ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਨੂੰ ਸਿੱਧੇ ਤੌਰ ‘ਤੇ ਕਮਜ਼ੋਰ ਕਰਨ ਦੀ ਬਜਾਏ ਹੋਰ ਗੰਭੀਰ ਸਿਹਤ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ।
ਡਾਕਟਰਾਂ ਅਨੁਸਾਰ ਐਂਟੀਬਾਇਓਟਿਕਸ ਦਾ ਮੁੱਖ ਕੰਮ ਬੈਕਟੀਰੀਆ ਦੀ ਲਾਗ ਨੂੰ ਖਤਮ ਕਰਨਾ ਹੁੰਦਾ ਹੈ, ਜਦਕਿ ਜ਼ੁਕਾਮ ਅਤੇ ਬੁਖਾਰ ਅਕਸਰ ਵਾਇਰਲ ਇਨਫੈਕਸ਼ਨ ਕਾਰਨ ਹੁੰਦੇ ਹਨ, ਜਿਨ੍ਹਾਂ ‘ਤੇ ਇਹ ਦਵਾਈਆਂ ਅਸਰ ਨਹੀਂ ਕਰਦੀਆਂ। ਬਿਨਾਂ ਲੋੜ ਤੋਂ ਇਹ ਦਵਾਈਆਂ ਲੈਣ ਨਾਲ ਪੇਟ ਦੇ ‘ਚੰਗੇ ਬੈਕਟੀਰੀਆ’ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਪਾਚਨ ਪ੍ਰਣਾਲੀ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਦਾ ਸਭ ਤੋਂ ਵੱਡਾ ਖ਼ਤਰਾ ‘ਐਂਟੀਬਾਇਓਟਿਕ ਪ੍ਰਤੀਰੋਧ’ (Antibiotic Resistance) ਹੈ। ਵਾਰ-ਵਾਰ ਬੇਲੋੜੀ ਵਰਤੋਂ ਨਾਲ ਬੈਕਟੀਰੀਆ ਇਨ੍ਹਾਂ ਦਵਾਈਆਂ ਦੇ ਖਿਲਾਫ ਮਜ਼ਬੂਤ ਹੋ ਜਾਂਦੇ ਹਨ, ਜਿਸ ਨਾਲ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਦੌਰਾਨ ਇਹ ਦਵਾਈਆਂ ਅਸਰਹੀਣ ਹੋ ਜਾਂਦੀਆਂ ਹਨ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਐਂਟੀਬਾਇਓਟਿਕ ਦੀ ਵਰਤੋਂ ਸਿਰਫ਼ ਡਾਕਟਰੀ ਜਾਂਚ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ।







