ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਦੀ ਵੀਡੀਓ ਵਾਇਰਲ, ਸਿੱਖ ਭਾਈਚਾਰੇ ਵਿੱਚ ਭਾਰੀ ਚਿੰਤਾ ਤੇ ਰੋਸ; ‘ਕੌਰ ਟੂ ਖਾਨ’ ਗ੍ਰੂਮਿੰਗ ‘ਤੇ ਉੱਠੇ ਸਵਾਲ

ਜਲੰਧਰ, 23 ਅਕਤੂਬਰ, 2026 (ਜਗਮੋਹਨ ਸ਼ਰਮਾ): ਪਾਕਿਸਤਾਨ ਤੋਂ ਇੱਕ ਨਾਬਾਲਗ ਸਿੱਖ ਕੁੜੀ ਦੇ ਇਸਲਾਮ ਧਰਮ ਅਪਣਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਅਤੇ ਚਿੰਤਾ ਦੀ ਲਹਿਰ ਫੈਲ ਗਈ ਹੈ। ਵੀਡੀਓ ਵਿੱਚ ਕੁੜੀ ਇਹ ਦਾਅਵਾ ਕਰਦੀ ਨਜ਼ਰ ਆ ਰਹੀ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਿਆ ਹੈ ਅਤੇ ਕਲਮਾ ਪੜ੍ਹ ਕੇ ਉਸ ਨੂੰ ਸ਼ਾਂਤੀ ਮਿਲੀ ਹੈ। ਹਾਲਾਂਕਿ ਵੀਡੀਓ ਦੇ ਸਹੀ ਸਮੇਂ ਅਤੇ ਸਥਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਇਸ ਦੇ ਸਾਹਮਣੇ ਆਉਂਦੇ ਹੀ ਸਿੱਖ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਨੇ ਇਸ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਗ੍ਰੂਮਿੰਗ ਗੈਂਗਾਂ ਦੀ ਕਾਰਵਾਈ ਦੱਸਿਆ ਹੈ।

ਸਿੱਖ ਆਗੂਆਂ ਅਤੇ ਪ੍ਰਭਾਵਕਾਂ—ਸਿਮਰਨਪ੍ਰੀਤ ਕੌਰ, ਜੇ. ਕੌਰ ਅਤੇ ਨਵਦੀਪ ਸਿੰਘ (ਯੂਕੇ)—ਨੇ ਦੋਸ਼ ਲਾਇਆ ਕਿ ਇਹ ਮਾਮਲਾ ‘ਕੌਰ ਟੂ ਖਾਨ’ ਨੈੱਟਵਰਕ ਦਾ ਹਿੱਸਾ ਹੈ, ਜਿਸ ਤਹਿਤ ਪਾਕਿਸਤਾਨ ਤੋਂ ਲੈ ਕੇ ਯੂਕੇ ਅਤੇ ਦੁਬਈ ਤੱਕ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਅਜਿਹੇ ਨੈੱਟਵਰਕਾਂ ਦੁਆਰਾ ਲਾਲਚ ਅਤੇ ਦਬਾਅ ਦੀ ਵਰਤੋਂ ਕੀਤੀ ਜਾਂਦੀ ਹੈ। ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਸਿੱਖਾਂ ਦੀ ਆਬਾਦੀ ਜੋ 1941 ਵਿੱਚ ਲਗਭਗ 20 ਲੱਖ ਸੀ, 2023 ਦੀ ਮਰਦਮਸ਼ੁਮਾਰੀ ਅਨੁਸਾਰ ਘੱਟ ਕੇ ਮਹਿਜ਼ 15,998 ਰਹਿ ਗਈ ਹੈ। ਸਿੱਖ ਭਾਈਚਾਰੇ ਨੇ ਪਾਕਿਸਤਾਨ ਸਰਕਾਰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਘੱਟ ਗਿਣਤੀ ਸਿੱਖ ਧੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

View in English