ਫੈਕਟ ਸਮਾਚਾਰ ਸੇਵਾ
ਆਗਰਾ , ਦਸੰਬਰ 12
ਆਗਰਾ ਦੇ ਫਤਿਹਾਬਾਦ ਥਾਣਾ ਖੇਤਰ ਵਿੱਚ ਅੰਬਾਲਾ ਤੋਂ ਬਿਹਾਰ ਜਾ ਰਹੀ ਇੱਕ ਡਬਲ ਡੇਕਰ ਬੱਸ ਨੂੰ ਅੱਗ ਲੱਗ ਗਈ। ਲਖਨਊ ਐਕਸਪ੍ਰੈਸ ਵੇਅ ਦੇ 21 ਕਿਲੋਮੀਟਰ ‘ਤੇ ਵਾਪਰੇ ਇਸ ਹਾਦਸੇ ਤੋਂ ਬਾਅਦ ਯਾਤਰੀਆਂ ‘ਚ ਹੜਕੰਪ ਮਚ ਗਿਆ। ਯਾਤਰੀਆਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਪੁਲਿਸ ਅਨੁਸਾਰ ਅੱਜ ਸਵੇਰੇ ਕਰੀਬ 6:15 ਵਜੇ ਪਟਿਆਲਾ ਅੰਬਾਲਾ ਤੋਂ ਬਿਹਾਰ ਜਾ ਰਹੀ ਡਬਲ ਡੇਕਰ ਬੱਸ ਜਿਵੇਂ ਹੀ ਫਤਿਹਾਬਾਦ ਥਾਣਾ ਦੀ ਹੱਦ ਵਿੱਚ ਲਖਨਊ ਐਕਸਪ੍ਰੈਸ ਵੇਅ ਦੇ ਕਿਲੋਮੀਟਰ-21 ‘ਤੇ ਪਹੁੰਚੀ ਤਾਂ ਅਚਾਨਕ ਟਾਇਰਾਂ ਨੂੰ ਅੱਗ ਲੱਗ ਗਈ। ਇਸ ਦੌਰਾਨ ਡਰਾਈਵਰ ਵੱਲੋਂ ਬੱਸ ਨੂੰ ਰੋਕ ਲਿਆ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਬੱਸ ‘ਚ ਹੜਕੰਪ ਮਚ ਗਿਆ। ਬੜੀ ਮੁਸ਼ਕਲ ਨਾਲ ਯਾਤਰੀਆਂ ਨੇ ਸ਼ੀਸ਼ੇ ਤੋੜ ਕੇ ਆਪਣੀ ਜਾਨ ਬਚਾਈ।
ਸੂਚਨਾ ਮਿਲਣ ‘ਤੇ ਯੂਪੀਆਰਏ ਦੀ ਟੀਮ ਅਤੇ ਫਤਿਹਾਬਾਦ ਪੁਲਿਸ ਫਾਇਰ ਬ੍ਰਿਗੇਡ ਦੇ ਨਾਲ ਪਹੁੰਚ ਗਈ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਕਾਰਨ ਬੱਸ ਅੰਦਰ ਰੱਖਿਆ ਸਵਾਰੀਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਚੌਕੀ ਇੰਚਾਰਜ ਲੁਹਾਰੀ ਪ੍ਰਿਥਵੀ ਸਿੰਘ ਨੇ ਦੱਸਿਆ ਕਿ ਸਵਾਰੀਆਂ ਨੇ ਦੱਸਿਆ ਹੈ ਕਿ ਟੋਲ ਪਲਾਜ਼ਾ ਤੋਂ ਪੰਜ ਕਿਲੋਮੀਟਰ ਪਹਿਲਾਂ ਹੀ ਟਾਇਰ ਸੜਨ ਦੀ ਸੂਚਨਾ ਮਿਲੀ ਤਾਂ ਬੱਸ ਚਾਲਕ ਨੂੰ ਬੱਸ ਰੋਕਣ ਲਈ ਕਿਹਾ ਗਿਆ ਪਰ ਬੱਸ ਚਾਲਕ ਨੇ ਬੱਸ ਨਹੀਂ ਰੋਕੀ। ਯਾਤਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ।







