ਫੈਕਟ ਸਮਾਚਾਰ ਸੇਵਾ
ਟੋਰਾਂਟੋ, 26 ਜੂਨ
ਸਾਲ 1985 ਵਿੱਚ ਵਾਪਰੇ ਏਅਰ ਇੰਡੀਆ ਦੇ ‘ਕਨਿਸ਼ਕ’ ਜਹਾਜ਼ ਹਾਦਸੇ (Air India Kanishka Bombing) ਨੂੰ ਲੈ ਕੇ ਕੈਨੇਡਾ ਸਰਕਾਰ ਨੇ 40 ਸਾਲਾਂ ਬਾਅਦ ਆਖਰਕਾਰ ਸੱਚਾਈ ਕਬੂਲ ਕਰ ਲਈ ਹੈ। ਕੈਨੇਡਾ ਦੀ ਪ੍ਰਮੁੱਖ ਖੁਫੀਆ ਏਜੰਸੀ, ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (CSIS) ਨੇ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਮੰਨਿਆ ਹੈ ਕਿ ਇਸ ਭਿਆਨਕ ਤ੍ਰਾਸਦੀ ਪਿੱਛੇ ਕੈਨੇਡਾ ਵਿੱਚ ਸਰਗਰਮ ਖਾਲਿਸਤਾਨੀ ਅੱਤਵਾਦੀਆਂ ਦਾ ਹੱਥ ਸੀ। CSIS ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਘਟਨਾ ਨੂੰ “ਘਿਨਾਉਣਾ ਅੱਤਵਾਦੀ ਹਮਲਾ” (Heinous Terrorist Attack) ਕਰਾਰ ਦਿੰਦਿਆਂ ਹਮਲੇ ਵਿੱਚ ਮਾਰੇ ਗਏ 329 ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਏਜੰਸੀ ਨੇ ਸਵੀਕਾਰ ਕੀਤਾ ਕਿ ਇਹ ਕੈਨੇਡੀਅਨ ਹਿਸਟਰੀ ਦਾ ਸਭ ਤੋਂ ਵੱਡਾ ਅਤੇ ਘਾਤਕ ਅੱਤਵਾਦੀ ਹਮਲਾ ਸੀ, ਜਿਸ ਨੇ ਦੇਸ਼ ਦੀ ਸਾਖ ‘ਤੇ ਇੱਕ ਕਦੇ ਨਾ ਮਿਟਣ ਵਾਲਾ ਦਾਗ ਲਗਾਇਆ ਹੈ। ਭਾਰਤ ਸਰਕਾਰ ਲੰਬੇ ਸਮੇਂ ਤੋਂ ਇਸ ਸਾਜ਼ਿਸ਼ ਲਈ ਬੱਬਰ ਖਾਲਸਾ ਅਤੇ ਕੈਨੇਡਾ ਦੇ ਖਾਲਿਸਤਾਨੀ ਨੈੱਟਵਰਕ ਨੂੰ ਜ਼ਿੰਮੇਵਾਰ ਠਹਿਰਾਉਂਦੀ ਆ ਰਹੀ ਸੀ, ਪਰ ਕੈਨੇਡਾ ਹੁਣ ਤੱਕ ਇਸ ਤੋਂ ਇਨਕਾਰ ਕਰਦਾ ਰਿਹਾ ਸੀ।
31,000 ਫੁੱਟ ਦੀ ਉਚਾਈ ‘ਤੇ ਹਵਾ ਵਿੱਚ ਹੋਇਆ ਸੀ ਧਮਾਕਾ
ਇਹ ਭਿਆਨਕ ਕਾਰਾ 23 ਜੂਨ, 1985 ਨੂੰ ਉਦੋਂ ਵਾਪਰਿਆ ਜਦੋਂ ਏਅਰ ਇੰਡੀਆ ਦੀ ਫਲਾਈਟ 181 (ਬੋਇੰਗ 747 ਜਹਾਜ਼) ਕੈਨੇਡਾ ਦੇ ਟੋਰਾਂਟੋ ਤੋਂ ਮਾਂਟਰੀਅਲ ਹੁੰਦੀ ਹੋਈ ਲੰਡਨ ਅਤੇ ਦਿੱਲੀ ਦੇ ਰਸਤੇ ਮੁੰਬਈ ਜਾ ਰਹੀ ਸੀ। ਜਹਾਜ਼ ਜਦੋਂ ਆਇਰਲੈਂਡ ਦੇ ਹਵਾਈ ਖੇਤਰ (Irish Airspace) ਵਿੱਚ ਲਗਭਗ 31,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ ਅਤੇ ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਲੈਂਡ ਕਰਨ ਤੋਂ ਮਹਿਜ਼ 45 ਮਿੰਟ ਦੀ ਦੂਰੀ ‘ਤੇ ਸੀ, ਤਾਂ ਅਚਾਨਕ ਜਹਾਜ਼ ਦੇ ਕਾਰਗੋ ਹੋਲਡ (Cargo Hold) ਵਿੱਚ ਰੱਖੇ ਇੱਕ ਸੂਟਕੇਸ ਟਾਈਮ ਬੰਬ (Suitcase Time Bomb) ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਭਿਆਨਕ ਆਵਾਜ਼ ਆਇਰਿਸ਼ ਏਅਰ ਟ੍ਰੈਫਿਕ ਕੰਟਰੋਲ (ATC) ਦੇ ਅਧਿਕਾਰੀਆਂ ਨੇ ਵੀ ਸੁਣੀ ਅਤੇ ਪਲ ਭਰ ਵਿੱਚ ਹੀ ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ।
ਦੋ ਟੁਕੜਿਆਂ ਵਿੱਚ ਟੁੱਟ ਕੇ ਸਮੁੰਦਰ ਵਿੱਚ ਡਿੱਗਿਆ ਜਹਾਜ਼
ਬੰਬ ਧਮਾਕੇ ਕਾਰਨ ਜਹਾਜ਼ ਦੇ ਚੀਥੜੇ ਉੱਡ ਗਏ ਅਤੇ ਉਹ ਹਵਾ ਵਿੱਚ ਹੀ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਅੱਗ ਦੀਆਂ ਲਪਟਾਂ ਵਿੱਚ ਘਿਰਿਆ ਜਹਾਜ਼ ਤੇਜ਼ੀ ਨਾਲ ਹੇਠਾਂ ਆਇਆ ਅਤੇ ਅਟਲਾਂਟਿਕ ਮਹਾਸਾਗਰ (Atlantic Ocean) ਵਿੱਚ ਜਾ ਡਿੱਗਿਆ। ਜਹਾਜ਼ ਦਾ ਮਲਬਾ ਸਮੁੰਦਰ ਵਿੱਚ ਕਰੀਬ 6,700 ਫੁੱਟ ਦੀ ਡੂੰਘਾਈ ਤੱਕ ਡੁੱਬ ਗਿਆ। ਜਦੋਂ Rescue Team ਮੌਕੇ ‘ਤੇ ਪਹੁੰਚੀ, ਤਾਂ ਚਾਰੇ ਪਾਸੇ ਸਮੁੰਦਰ ਦੇ ਪਾਣੀ ‘ਤੇ ਤੇਲ, ਯਾਤਰੀਆਂ ਦਾ ਸਾਮਾਨ ਅਤੇ ਲਾਸ਼ਾਂ ਤੈਰ ਰਹੀਆਂ ਸਨ। ਹਾਦਸੇ ਦੇ ਸ਼ਿਕਾਰ ਹੋਏ 329 ਲੋਕਾਂ ਵਿੱਚੋਂ ਸਿਰਫ਼ 141 ਲਾਸ਼ਾਂ ਹੀ ਬਰਾਮਦ ਕੀਤੀਆਂ ਜਾ ਸਕੀਆਂ, ਜਦਕਿ ਬਾਕੀ 188 ਲਾਸ਼ਾਂ ਹਮੇਸ਼ਾ ਲਈ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਗੁੰਮ ਹੋ ਗਈਆਂ। ਜਾਂਚ ਰਿਪੋਰਟਾਂ ਮੁਤਾਬਕ ਕਈ ਲੋਕਾਂ ਦੀ ਮੌਤ ਹਵਾ ਵਿੱਚ ਹੀ ਅੱਗ ਨਾਲ ਸੜਨ ਜਾਂ Oxygen ਦੀ ਕਮੀ ਕਾਰਨ ਹੋ ਗਈ ਸੀ, ਜਦਕਿ ਬਾਕੀ ਪਾਣੀ ਵਿੱਚ ਡੁੱਬ ਗਏ।
ਮਰਨ ਵਾਲਿਆਂ ਵਿੱਚ 84 ਬੱਚੇ ਸਨ ਸ਼ਾਮਲ
ਇਸ ਉਡਾਣ ਵਿੱਚ ਭਾਰਤੀ ਹਵਾਈ ਸੈਨਾ ਦੇ ਸਾਬਕਾ ਅਧਿਕਾਰੀਆਂ ਸਮੇਤ 22 ਚਾਲਕ ਦਲ ਦੇ ਮੈਂਬਰ (Crew Members) ਅਤੇ 307 ਯਾਤਰੀ ਸਵਾਰ ਸਨ। ਇਨ੍ਹਾਂ ਯਾਤਰੀਆਂ ਵਿੱਚੋਂ 268 ਕੈਨੇਡੀਅਨ ਨਾਗਰਿਕ (ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਸਨ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਭਾਰਤ ਆ ਰਹੇ ਸਨ) ਅਤੇ 27 ਬ੍ਰਿਟਿਸ਼ ਨਾਗਰਿਕ ਸ਼ਾਮਲ ਸਨ। ਇਸ ਭਿਆਨਕ ਕਾਂਡ ਵਿੱਚ 84 ਮਾਸੂਮ ਬੱਚਿਆਂ ਨੇ ਵੀ ਆਪਣੀ ਜਾਨ ਗਵਾਈ ਸੀ। ਆਇਰਲੈਂਡ ਦੇ ਇਤਿਹਾਸ ਵਿੱਚ ਇਹ ਅਜਿਹਾ ਖੌਫਨਾਕ ਮੰਜ਼ਰ ਸੀ, ਜਿਸ ਦੇ ਜ਼ਖ਼ਮ 40 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਹਰੇ ਹਨ।







