ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 23
ਕੇਂਦਰ ਸਰਕਾਰ ਵੱਲੋਂ ਲਗਾਈ ਗਈ ਅਸਥਾਈ ਪਾਬੰਦੀ ਦੀ ਮਿਆਦ 22 ਜੂਨ ਦੀ ਅੱਧੀ ਰਾਤ ਨੂੰ ਖ਼ਤਮ ਹੋਣ ਤੋਂ ਬਾਅਦ, ਗੂਗਲ ਨੇ ਅੱਜ ਸਵੇਰੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਆਪਣੇ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਕਈ ਯੂਜ਼ਰਸ ਲਈ ਇਹ ਐਪ ਦੁਬਾਰਾ ਆਮ ਵਾਂਗ ਕੰਮ ਕਰਨ ਲੱਗ ਪਿਆ ਹੈ ਹਾਲਾਂਕਿ, ਗੂਗਲ ਵੱਲੋਂ ਬਹਾਲ ਕੀਤੇ ਜਾਣ ਤੋਂ ਪਹਿਲਾਂ ਵੀ ਕੁਝ ਮੌਜੂਦਾ ਯੂਜ਼ਰਸ ਇਸ ਐਪ ਨੂੰ ਵਰਤਣ ਦੇ ਸਮਰੱਥ ਸਨ।
ਦੂਜੇ ਪਾਸੇ ਐਪਲ ਦੇ ਐਪ ਸਟੋਰ ’ਤੇ ਇਹ ਐਪ ਅੱਜ ਸਵੇਰੇ 10 ਵਜੇ ਤੱਕ ਵੀ ਡਿਲੀਸਟ (ਹਟਾਇਆ ਹੋਇਆ) ਹੀ ਰਿਹਾ। ਇਸ ਸੰਬੰਧੀ ਜਦੋਂ ਐਪਲ ਕੰਪਨੀ ਨੂੰ ਈਮੇਲ ਰਾਹੀਂ ਸਵਾਲ ਭੇਜਿਆ ਗਿਆ, ਤਾਂ ਉਨ੍ਹਾਂ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਗਿਆ। ਸਰਕਾਰੀ ਸੂਤਰਾਂ ਅਨੁਸਾਰ ਸਰਕਾਰ ਨੇ ਟੈਲੀਗ੍ਰਾਮ ’ਤੇ 22 ਜੂਨ ਤੱਕ ਹੀ ਮੁਕੰਮਲ ਪਾਬੰਦੀ ਲਗਾਈ ਸੀ ਅਤੇ ਇਸ ਆਦੇਸ਼ ਦੀ ਸਮਾਂ-ਸੀਮਾ ਨੂੰ ਅੱਗੇ ਵਧਾਉਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਸਰਕਾਰ ਨੇ ਇਹ ਸਖ਼ਤ ਕਦਮ ਟੈਲੀਗ੍ਰਾਮ ’ਤੇ ਨੀਟ ਪ੍ਰੀਖਿਆ ਦੇ ਫਰਜ਼ੀ ਪ੍ਰਸ਼ਨ ਪੱਤਰਾਂ ਦੇ ਸਰਕੂਲੇਸ਼ਨ, ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਅਤੇ ਪ੍ਰੀਖਿਆ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਕਾਰਨ ਚੁੱਕਿਆ ਸੀ। ਇਸ ਪਾਬੰਦੀ ਤੋਂ ਪਹਿਲਾਂ 3 ਜੂਨ ਨੂੰ ਸਰਕਾਰੀ ਅਧਿਕਾਰੀਆਂ ਅਤੇ ਟੈਲੀਗ੍ਰਾਮ ਦੇ ਨੁਮਾਇੰਦਿਆਂ ਵਿਚਕਾਰ ਇੱਕ ਅਹਿਮ ਬੈਠਕ ਵੀ ਹੋਈ ਸੀ, ਜਿਸ ਵਿੱਚ ਇਨ੍ਹਾਂ ਚਿੰਤਾਵਾਂ ਵੱਲ ਧਿਆਨ ਦਿਵਾਇਆ ਗਿਆ ਸੀ।
ਇਸ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਟੈਲੀਗ੍ਰਾਮ ਐਪ ਅਤੇ ਇਸ ਦੇ ਵੈੱਬ ਸੰਸਕਰਣ ਸਮੇਤ ਸਾਰੇ ਲਿੰਕਸ ਨੂੰ 22 ਜੂਨ ਤੱਕ ਬਲਾਕ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦੇ ਨਾਲ ਹੀ ਟੈਲੀਗ੍ਰਾਮ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 30 ਜੂਨ ਤੱਕ ਆਪਣੇ ‘ਮੈਸੇਜ ਐਡੀਟਿੰਗ ਫੀਚਰ’ ਨੂੰ ਪੂਰੀ ਤਰ੍ਹਾਂ ਬਲਾਕ ਰੱਖੇ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਨੀਟ (NEET) ਦੀ ਦੁਬਾਰਾ ਪ੍ਰੀਖਿਆ ਕਰਵਾਈ ਗਈ ਹੈ ਅਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।







