ਮੂਸੇਵਾਲਾ ਦੇ ਮਾਪਿਆਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਲਗਾਇਆ ਧਰਨਾ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਾਰਚ 7

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਉਹਨਾਂ ਦੀ ਮਾਤਾ ਚਰਨ ਕੌਰ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ’ਤੇ ਬੈਠ ਗਏ ਹਨ। ਉਹ ਆਪਣੇ ਪੁੱਤਰ ਦੇ ਕਤਲ ਲਈ ਇਨਸਾਫ ਮੰਗ ਰਹੇ ਹਨ। ਉਹਨਾਂ ਦੇ ਨਾਲ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਬੈਠੇ ਹਨ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਧਰਨਾ ਜਾਰੀ ਹੈ , ਉਹ ਇੱਥੇ ਹੀ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਲੋਕ ਮਾਰੇ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਕਾਤਲਾਂ ਨੂੰ ਫੜ ਕੇ ਅੰਦਰ ਵੀ ਕਰ ਦਿੰਦੇ ਹੋ ਅਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕਰਦੇ ਜਦਕਿ ਮੇਰੇ ਲੜਕੇ ਦੇ ਕਤਲ ‘ਚ ਸ਼ਾਮਲ ਲੋਕ ਫੜੇ ਗਏ ਹਨ ਪਰ ਮਾਸਟਰਮਾਈਂਡ ਨਹੀਂ ਫੜਿਆ ਗਿਆ। ਅਜੇ ਤੱਕ ਮੈਂ ਗੋਲਡੀ ਬਰਾੜ ਦਾ ਨਾਂ ਲੈ ਕੇ ਉਸ ਬਾਰੇ ਜ਼ਿਕਰ ਕੀਤਾ ਹੈ ਉਹ ਅਜੇ ਤੱਕ ਫੜਿਆ ਨਹੀਂ ਗਿਆ।

ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਮਾਮਲੇ ਵਿਚ ਇਨਸਾਫ਼ ਦੀ ਉਮੀਦ ਨਹੀਂ ਹੈ। ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਇਸੇ ਲਈ ਅੱਜ ਇੱਥੇ ਧਰਨੇ ‘ਤੇ ਬੈਠਾ ਹਾਂ। ਗੈਂਗਸਟਰ ਦੀ ਗ੍ਰਿਫਤਾਰੀ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਹ ਦਿਹਾੜੀਦਾਰ ਸੀ ਜਿਸ ਨੇ ਦਿਹਾੜੀ ਲਈ ਗੋਲ਼ੀ ਚਲਾਈ। ਪਰ ਇਸ ਸਾਜ਼ਿਸ਼ ਦੇ ਅਸਲ ਸਾਜ਼ਿਸ਼ਕਰਤਾ ਅਜੇ ਵੀ ਬਾਹਰ ਹਨ ਅਤੇ ਵਿਦੇਸ਼ਾਂ ਵਿਚ ਸ਼ਰਣ ਲੈ ਚੁੱਕੇ ਹਨ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਸੰਕੇਤਕ ਤੌਰ ‘ਤੇ ਇਹ ਧਰਨਾ ਦਿੱਤਾ ਹੈ। ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਧਾਨ ਸਭਾ ਤੋਂ ਬਾਹਰ ਆ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਭਰੋਸਾ ਦਿਵਾਉਣ ਕਿ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English