ਫੈਕਟ ਸਮਾਚਾਰ ਸੇਵਾ
ਲੰਬੀ , ਜੁਲਾਈ 18
ਪਿੰਡ ਲੰਬੀ ਵਿਖੇ ਇਕ ਪੀਆਰਟੀਸੀ ਦੀ ਬੱਸ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ ਜਿਸ ਤੋਂ ਬਾਅਦ ਬੱਸ ਚਾਲਕ ਘਟਨਾ ਸਥਾਨ ‘ਤੇ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਹਾਲਤ ’ਚ ਨੌਜਵਾਨ ਨੂੰ ਮਲੋਟ ਦੇ ਸਿਵਲ ਹਸਪਾਤਲ ’ਚ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਨਿਰਮਲ ਸਿੰਘ ਵਾਸੀ ਪਿੰਡ ਲੰਬੀ ਨੇ ਦੱਸਿਆ ਕਿ ਉਸਦਾ ਲੜਕਾ ਪ੍ਰਿੰਸ ਧਾਲੀਵਾਲ ਜੋ ਮੋਟਰਸਾਈਕਲ ਨੰਬਰੀ ਪੀਬੀ-30ਕਿਯੂ-1040 ਮਾਰਕਾ ਹੀਰੋ ਐਚਐਫ ਡੀਲਕਸ ’ਤੇ ਸਵਾਰ ਹੋ ਕੇ ਆਪਣੇ ਦੋਸਤ ਜਪਰਾਜ ਸਿੰਘ ਨੂੰ ਮਿਲਣ ਲਈ ਪਿੰਡ ਲੰਬੀ ਗਿਆ ਸੀ ਜੋ ਕਾਫੀ ਸਮਾ ਵਾਪਸ ਨਹੀਂ ਆਇਆ ਤਾਂ ਉਹ ਖ਼ੁਦ ਉਸਨੂੰ ਬੁਲਾਉਣ ਥਾਣਾ ਲੰਬੀ ਵਾਲੀ ਸਾਈਡ ਸਰਵਿਸ ਰੋਡ ’ਤੇ ਸਾਈਕਲ ’ਤੇ ਸਵਾਰ ਹੋ ਕੇ ਜਪਰਾਜ ਸਿੰਘ ਦੇ ਘਰ ਨੂੰ ਜਾ ਰਿਹਾ ਸੀ। ਜਦ ਉਹ ਥਾਣਾ ਲੰਬੀ ਤੋਂ ਥੋੜ੍ਹਾ ਪਿੱਛੇ ਸੀ ਤਾਂ ਲੜਕੇ ਪ੍ਰਿੰਸ ਧਾਲੀਵਾਲ ਨੇ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਵਾਲੀ ਸੜਕ ਤੋਂ ਮੋਟਰਸਾਇਕਲ ਸਰਵਿਸ ਰੋਡ ’ਤੇ ਚੜ੍ਹਾਇਆ।
ਇਸੇ ਦੌਰਾਨ ਪਿੰਡ ਖਿਉਵਾਲੀ ਦੀ ਤਰਫੋਂ ਆ ਰਹੀ ਪੀਆਰਟੀਸੀ ਬੱਸ ਨੰਬਰੀ ਪੀਬੀ-03ਬੀਐਚ-9188 ਜਿਸਨੂੰ ਨਾਮਲੂਮ ਡਰਾਈਵਰ ਬੜੀ ਅਣਗਹਿਲੀ ਨਾਲ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਲੜਕੇ ਦੇ ਮੋਟਰਸਾਇਕਲ ’ਚ ਸਾਹਮਣਿਓਂ ਲਿਆ ਕੇ ਮਾਰੀ ਜਿਸ ਕਾਰਨ ਉਸਦੇ ਲੜਕੇ ਦੇ ਕਾਫੀ ਸੱਟਾ ਲੱਗ ਗਈਆਂ ਤੇੇ ਬੱਸ ਡਰਾਈਵਰ ਬੱਸ ਛੱਡ ਕੇ ਭੱਜ ਗਿਆ। ਉਸਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਲੜਕੇ ਨੂੰ ਸਿਵਲ ਹਸਪਤਾਲ ਮਲੋਟ ਦਾਖਿਲ ਕਰਵਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।







