ਫੈਕਟ ਸਮਾਚਾਰ ਸੇਵਾ
ਮੁੰਬਈ , ਦਸੰਬਰ 11
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਮਹਾਰਾਸ਼ਟਰ ਪਹੁੰਚੇ। ਪ੍ਰਧਾਨ ਮੰਤਰੀ ਸਵੇਰੇ ਹੀ ਨਾਗਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਨਾਗਪੁਰ ਤੋਂ ਬਿਲਾਸਪੁਰ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਬਾਅਦ ਉਨ੍ਹਾਂ ਨੇ ਨਾਗਪੁਰ ਮੈਟਰੋ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਪੀਐਮ ਨੂੰ ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕਰਦੇ ਵੀ ਦੇਖਿਆ ਗਿਆ। ਪ੍ਰੋਗਰਾਮ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਬੀਐਸ ਕੋਸ਼ਿਆਰੀ, ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਉਨਾਂ ਨੇ ਮੈਟਰੋ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਸਫ਼ਰ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਫਿਰ ਨਾਗਪੁਰ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਿਆ। ਨਾਲ ਹੀ ਵਿਦਰਭ ਵਿੱਚ ਇੱਕ ਜਨਤਕ ਸਮਾਗਮ ਵਿੱਚ ਪ੍ਰਧਾਨ ਮੰਤਰੀ 1,500 ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ।
ਪੀਐਮ ਮੋਦੀ ਅੱਜ ਹੀ ਨਾਗਪੁਰ-ਮੁੰਬਈ ਵਿਚਕਾਰ ਬਣਾਏ ਜਾ ਰਹੇ ਸਮ੍ਰਿਧੀ ਹਾਈਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਕੁੱਲ 701 ਕਿਲੋਮੀਟਰ ਲੰਬੇ ਐਕਸਪ੍ਰੈਸਵੇਅ ਦੇ ਨਾਗਪੁਰ ਤੋਂ ਮੁੰਬਈ ਤੱਕ 520 ਕਿਲੋਮੀਟਰ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। 55,000 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਐਕਸਪ੍ਰੈੱਸ ਵੇਅ ਮਹਾਰਾਸ਼ਟਰ ਦੇ 10 ਜ਼ਿਲ੍ਹਿਆਂ ਅਤੇ ਅਮਰਾਵਤੀ, ਔਰੰਗਾਬਾਦ ਅਤੇ ਨਾਸਿਕ ਦੇ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚੋਂ ਲੰਘੇਗਾ। ਐਕਸਪ੍ਰੈਸਵੇਅ ਨੇੜਲੇ 14 ਹੋਰ ਜ਼ਿਲ੍ਹਿਆਂ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਵਿਦਰਭ, ਮਰਾਠਵਾੜਾ ਅਤੇ ਉੱਤਰੀ ਮਹਾਰਾਸ਼ਟਰ ਦੇ ਖੇਤਰਾਂ ਸਮੇਤ ਰਾਜ ਦੇ ਲਗਭਗ 24 ਜ਼ਿਲ੍ਹਿਆਂ ਦੇ ਵਿਕਾਸ ਵਿੱਚ ਮਦਦ ਮਿਲੇਗੀ।







