ਫੈਕਟ ਸਮਾਚਾਰ ਸੇਵਾ
ਲੁਧਿਆਣਾ , ਦਸੰਬਰ 22
20 ਸਾਲ ਦੀ ਲੜਕੀ ਨਾਲ ਵਾਪਰੀ ਗੈਂਗ ਰੇਪ ਦੀ ਸ਼ਰਮਨਾਕ ਘਟਨਾ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ l ਤਿੰਨਾਂ ਨੇ 19 ਦਸੰਬਰ ਦੀ ਸਵੇਰ ਨੂੰ ਲੜਕੀ ਨੂੰ ਉਸ ਵੇਲੇ ਅਗਵਾ ਕਰ ਲਿਆ ਸੀ ਜਦੋਂ ਕੰਮ ਤੇ ਜਾਣ ਲਈ ਆਟੋ ਵਿੱਚ ਸਵਾਰ ਹੋਈ ਸੀ l
ਮੁਲਜ਼ਮ ਲੜਕੀ ਨੂੰ ਸੁੰਨਸਾਨ ਥਾਂ ਤੇ ਲੈ ਗਏ ਜਿੱਥੇ ਉਨਾਂ ਨੇ ਲੜਕੀ ਦੀ ਆਬਰੂ ਤਾਰ ਤਾਰ ਕਰ ਕੇ ਉਸਦਾ ਮੋਬਾਈਲ ਫੋਨ ਲੁੱਟ ਲਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ l ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਰਾਉਂ ਦੇ ਰਹਿਣ ਵਾਲੇ ਅਨਿਲ ਕੁਮਾਰ ਉਰਫ ਅਨਿਲ (25) ਅਤੇ ਗੁਰਪ੍ਰੀਤ ਸਿੰਘ ਉਰਫ ਗੁਰੀ (21) ਵਜੋਂ ਹੋਈ ਹੈ l ਇਸ ਮਾਮਲੇ ਦਾ ਤੀਸਰਾ ਮੁਲਜ਼ਮ ਨਾਬਾਲਗ ਹੈ l
ਪੀੜਤ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਪ੍ਰਾਈਵੇਟ ਤੌਰ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਇੱਕ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਵੀ ਕਰਦੀ ਹੈ। 19 ਦਸੰਬਰ ਸਵੇਰੇ 6 ਵਜੇ ਦੇ ਕਰੀਬ ਉਹ ਆਪਣੀ ਡਿਊਟੀ ਤੇ ਜਾਣ ਲਈ ਇੱਕ ਆਟੋ ਵਿੱਚ ਸਵਾਰ ਹੋਈ ਸੀ l ਲੜਕੀ ਦੇ ਮੁਤਾਬਕ ਆਟੋ ਵਿੱਚ ਚਾਲਕ ਸਮੇਤ ਤਿੰਨ ਲੜਕੇ ਮੌਜੂਦ ਸਨ l ਸਵੇਰਸਾਰ ਠੰਢ ਹੋਣ ਕਾਰਨ ਆਵਾਜਾਈ ਘੱਟ ਸੀ l ਹਵਸ ਵਿੱਚ ਅੰਨ੍ਹੇ ਹੋਏ ਮੁਲਜ਼ਮ ਲੜਕੀ ਨੂੰ ਅਗਵਾ ਕਰਕੇ ਥਾਣਾ ਡੇਹਲੋਂ ਦੇ ਇਲਾਕੇ ਅੰਦਰ ਪੈਂਦੀ ਇੱਕ ਸੁੰਨਸਾਨ ਥਾਂ ਤੇ ਲੈ ਗਏ l
ਮੁਲਜ਼ਮਾਂ ਨੇ ਮੁਟਿਆਰ ਦੇ ਮੂੰਹ ਤੇ ਟੇਪ ਲਗਾ ਦਿੱਤੀ ਅਤੇ ਉਸ ਨਾਲ ਵਾਰੀ ਵਾਰੀ ਜਬਰ-ਜਨਾਹ ਕੀਤਾ l ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਲੜਕੀ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ l ਜਾਣਕਾਰੀ ਤੋਂ ਬਾਅਦ ਥਾਣਾ ਡੇਹਲੋ ਦੀ ਪੁਲਿਸ ਪਾਰਟੀ ਹਰਕਤ ਵਿੱਚ ਆਈ ਅਤੇ ਇੰਸਪੈਕਟਰ ਪਰਮਦੀਪ ਸਿੰਘ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮ ਤਿਆਰ ਕੀਤੀ l ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਅਤੇ ਵਿਗਿਆਨਿਕ ਤਰੀਕੇ ਨਾਲ ਕੀਤੀ ਤਫਤੀਸ਼ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ l ਪੁਲਿਸ ਨੇ ਇਸ ਮਾਮਲੇ ਵਿੱਚ ਨਾਬਾਲਗ ਨੂੰ ਵੀ ਕਾਨੂੰਨਾਂ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਹੈ l ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿੱਚ ਜੁੱਟ ਗਈ ਹੈ।







