ਫੈਕਟ ਸਮਾਚਾਰ ਸੇਵਾ
ਗੁਹਾਟੀ , ਜੂਨ 27
ਅਸਾਮ ਦੇ ਨੀਲਾਚਲ ਪਰਬਤ ’ਤੇ ਸਥਿਤ ਪ੍ਰਸਿੱਧ ਕਾਮਾਖਿਆ ਮੰਦਰ ਦੇ ਕਿਵਾੜ ਭਗਤਾਂ ਲਈ ਮੁੜ ਖੁੱਲ੍ਹ ਗਏ। ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਦੇਵੀ ਦੇ ਦਰਸ਼ਨ ਅਤੇ ਪੂਜਾ-ਅਰਚਨਾ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਰਹੇ। ਨਾਲ ਹੀ ਮੰਦਰ ਕੰਪਲੈਕਸ ਵਿਚ ਕਰਵਾਏ ਗਏ ਚਾਰ ਦਿਨਾ ਅੰਬੁਬਾਚੀ ਮੇਲਾ ਵੀ ਸਮਾਪਤ ਹੋ ਗਿਆ। ਪਰੰਪਰਾ ਮੁਤਾਬਕ, ਇਸ ਦੌਰਾਨ ਮੰਦਰ ਤਿੰਨ ਦਿਨਾਂ ਤੱਕ ਬੰਦ ਰਹਿੰਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਦੇਵੀ ਕਾਮਾਖਿਆ ਰਜਸਵਲਾ ਹੁੰਦੀ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੱਸਿਆ ਕਿ ਇਸ ਸਾਲ ਮੇਲੇ ਵਿਚ ਅੱਠ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅੰਬੁਬਾਚੀ ਮੇਲਾ ਅਸਾਮ ਦੀ ਸੰਸਕ੍ਰਿਤਕ ਵਿਰਾਸਤ ਅਤੇ ਨਾਰੀ ਸ਼ਕਤੀ ਦੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ਵਿਚ ਇਸ ਸਮਾਗਮ ਨੂੰ ਅਦੁੱਤੀ ਅਧਿਆਤਮਕ ਤੇ ਸੰਸਕ੍ਰਿਤਕ ਉਤਸਵ ਦੱਸਿਆ।
ਮੰਦਰ ਪ੍ਰਸ਼ਾਸਨ ਮੁਤਾਬਕ ਦੇਵੀ ਦੇ ਨਹਾਉਣ ਅਤੇ ਵਿਸ਼ੇਸ਼ ਪੂਜਾ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕਿਵਾੜ ਖੋਲ੍ਹੇ ਗਏ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਸ਼ਾਂਤੀ ਨਾਲ ਦਰਸ਼ਨ ਕਰਨ ਦੀ ਅਪੀਲ ਕੀਤੀ। ਹਰ ਸਾਲ ਇਸ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਤੇ ਸੈਲਾਨੀ ਪਹੁੰਚਦੇ ਹਨ। ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਸਮਾਗਮ ਨੇ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਅਸਾਮ ਦੀ ਸੰਸਕ੍ਰਿਤਕ ਪਛਾਣ ਨੂੰ ਮਜ਼ਬੂਤ ਕੀਤਾ।







