ਹਾਂਸੀ : ਜਿਮ ਟ੍ਰੇਨਰ ਦਾ ਦਿਨ-ਦਿਹਾੜੇ ਕਤਲ, ਹਮਲਾਵਰ ਨੇ ਪਿੱਠ ‘ਚ ਮਾਰੀਆਂ 10 ਗੋਲੀਆਂ

ਫੈਕਟ ਸਮਾਚਾਰ ਸੇਵਾ

ਹਿਸਾਰ, ਜੂਨ 11

ਹਰਿਆਣਾ ਦੇ ਹਿਸਾਰ ਅਧੀਨ ਪੈਂਦੇ ਹਾਂਸੀ ਵਿੱਚ ਵੀਰਵਾਰ ਸਵੇਰੇ ਬਦਮਾਸ਼ਾਂ ਨੇ ਇੱਕ ਜਿਮ ਟ੍ਰੇਨਰ ਦੀਆਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਹਮਲੇ ਵਿੱਚ ਉੱਥੇ ਮੌਜੂਦ ਇੱਕ ਨੌਜਵਾਨ ਲੜਕੀ ਵੀ ਜ਼ਖ਼ਮੀ ਹੋ ਗਈ। ਇਹ ਪੂਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਇੱਕ ਹਮਲਾਵਰ ਮਹਿਜ਼ ਪੰਜ ਸੈਕਿੰਡ ਦੇ ਅੰਦਰ-ਅੰਦਰ ਲਗਾਤਾਰ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਹੈ।

ਮ੍ਰਿਤਕ ਦੀ ਪਛਾਣ 25 ਸਾਲਾ ਕਪਿਲ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਜੀਂਦ ਜ਼ਿਲ੍ਹੇ ਦੇ ਪਿੰਡ ਡਾਲਮਵਾਲਾ ਦਾ ਰਹਿਣ ਵਾਲਾ ਸੀ ਅਤੇ ਹਾਂਸੀ ਦੇ ਸ਼ਾਂਤੀ ਨਿਕੇਤਨ ਇਲਾਕੇ ਵਿੱਚ ਰਹਿ ਕੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ‘ਰੇਡ ਜਿਮ’ ਚਲਾ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ ਉਸ ਨੇ ਅੰਤਰਜਾਤੀ ਪ੍ਰੇਮ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਫਿਲਹਾਲ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ।

ਸਾਹਮਣੇ ਆਈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਮ ਦੇ ਬਾਹਰ ਟ੍ਰੇਨਰ ਕਪਿਲ ਨੌਜਵਾਨਾਂ ਨੂੰ ਵਾਰਮ-ਅੱਪ ਕਰਵਾ ਰਿਹਾ ਸੀ। ਇਸੇ ਦੌਰਾਨ ਅਚਾਨਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਨਕਾਬਪੋਸ਼ ਹਮਲਾਵਰ ਜਿਮ ਦੇ ਸਾਹਮਣੇ ਰੁਕੇ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਹਮਲਾਵਰਾਂ ਨੇ ਟ੍ਰੇਨਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੀ ਪਿੱਠ ‘ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੁਲਿਸ ਮੁਤਾਬਕ ਹਮਲਾਵਰ ਨੇ ਕਪਿਲ ਦੇ ਸਿਰ ਅਤੇ ਪਿੱਠ ਨੂੰ ਨਿਸ਼ਾਨਾ ਬਣਾਇਆ। ਗੋਲੀਆਂ ਲੱਗਦੇ ਹੀ ਉਹ ਮੌਕੇ ‘ਤੇ ਹੀ ਡਿੱਗ ਪਿਆ। ਇਸੇ ਦੌਰਾਨ ਉੱਥੇ ਪ੍ਰੈਕਟਿਸ ਕਰ ਰਹੀ ਸ਼ਿਖਾ ਨਾਂ ਦੀ ਲੜਕੀ ਵੀ ਗੋਲੀ ਦੀ ਲਪੇਟ ਵਿੱਚ ਆ ਗਈ। ਉਸ ਦੇ ਮੋਢੇ ਅਤੇ ਲੱਤ ਵਿੱਚ ਗੋਲੀ ਦੇ ਛੱਲੇ ਲੱਗਣ ਕਾਰਨ ਉਹ ਜਖਮੀ ਹੋ ਗਈ। ਜ਼ਖ਼ਮੀ ਲੜਕੀ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਚਸ਼ਮਦੀਦਾਂ ਅਤੇ ਵੀਡੀਓ ਅਨੁਸਾਰ ਹਮਲਾਵਰਾਂ ਨੇ ਜਿਮ ਟ੍ਰੇਨਰ ‘ਤੇ ਇੱਕ ਤੋਂ ਬਾਅਦ ਇੱਕ ਕਰੀਬ 10 ਰਾਊਂਡ ਫਾਇਰ ਕੀਤੇ। ਗੋਲੀਆਂ ਦੀ ਆਵਾਜ਼ ਨਾਲ ਜਿਮ ਵਿੱਚ ਚੀਕ-ਚਿਹਾੜਾ ਮੱਚ ਗਿਆ ਅਤੇ ਉੱਥੇ ਮੌਜੂਦ ਨੌਜਵਾਨ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਟ੍ਰੇਨਰ ਨੂੰ ਲਹੂ-ਲੁਹਾਨ ਹਾਲਤ ਵਿੱਚ ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਆਸਾਨੀ ਨਾਲ ਫ਼ਰਾਰ ਹੋ ਗਏ।

ਗੋਲੀਆਂ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਲੜਕੇ-ਲੜਕੀਆਂ ਵਿੱਚ ਭਗਦੜ ਮੱਚ ਗਈ। ਸਾਥੀਆਂ ਨੇ ਜ਼ਖ਼ਮੀ ਕਪਿਲ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚ ਸਕੀ।

ਮੌਕੇ ‘ਤੇ ਪਹੁੰਚੀ ਪੁਲਿਸ, ਸੀਆਈਏ ਅਤੇ ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 10 ਖੋਖੇ ਬਰਾਮਦ ਹੋਏ ਹਨ। ਡੀ.ਐੱਸ.ਪੀ. ਵਿਨੋਦ ਸ਼ੰਕਰ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਕਰੀਬ ਛੇ ਵਜੇ ਸੂਚਨਾ ਮਿਲੀ ਸੀ। ਕਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁਢਲੀ ਜਾਂਚ ਵਿੱਚ ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਵਾਰਦਾਤ ਪੂਰੀ ਰੇਕੀ ਅਤੇ ਯੋਜਨਾ ਤਹਿਤ ਅੰਜਾਮ ਦਿੱਤੀ ਗਈ ਹੈ। ਕਪਿਲ ਹਰ ਰੋਜ਼ ਇਸੇ ਜਗ੍ਹਾ ‘ਤੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਅਤੇ ਹਮਲਾਵਰ ਉਸ ਦੀ ਰੋਜ਼ਾਨਾ ਦੀ ਰੂਟੀਨ ਤੋਂ ਪੂਰੀ ਤਰ੍ਹਾਂ ਜਾਣੂ ਦਿਖਾਈ ਦਿੰਦੇ ਹਨ।

ਫਿਲਹਾਲ ਕਤਲ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਿਸ ਸਾਰੇ ਸੰਭਾਵਿਤ ਪਹਿਲੂਆਂ, ਜਿਨ੍ਹਾਂ ਵਿੱਚ ਨਿੱਜੀ ਦੁਸ਼ਮਣੀ ਅਤੇ ਹੋਰ ਐਂਗਲ ਵੀ ਸ਼ਾਮਲ ਹਨ, ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਕਪਿਲ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਦਹਿਸ਼ਤ ਅਤੇ ਚਰਚਾ ਦਾ ਮਾਹੌਲ ਹੈ।

Leave a Reply

Your email address will not be published. Required fields are marked *

View in English