Gippy Grewal ਦੀ ਰਿਹਾਇਸ਼ ’ਤੇ ਹਮਲੇ ਬਾਅਦ ਮੂਸੇਵਾਲਾ ਦੇ ਪਿਤਾ ਨੇ ਜਾਣੋ ਕੀ ਕਿਹਾ

ਫੈਕਟ ਸਮਾਚਾਰ ਸੇਵਾ

ਮਾਨਸਾ , ਨਵੰਬਰ 27

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਕੈਨੇਡਾ ਸਥਿਤ ਰਿਹਾਇਸ਼ ’ਤੇ ਹਮਲੇ ਦੀਆਂ ਖਬਰਾਂ ਆਉਣ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇੰਡਸਟਰੀ ਅਤੇ ਗਾਇਕਾਂ ਦੀ ਜੋ ਹਾਲਤ ਹੈ, ਇਸ ਬਾਰੇ 5 ਸਾਲ ਪਹਿਲਾਂ ਹੀ ਬੁਹਤ ਰੌਲਾ ਪਾਇਆ ਸੀ। ਉਸ ਸਮੇਂ ਹੀ ਕਿਹਾ ਸੀ ਕਿ ਇਕ ਦਿਨ ਸਭ ਦੀ ਵਾਰੀ ਆਵੇਗੀ। ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ।

ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਰ ਐਤਵਾਰ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਆਉਂਦੇ ਹਨ। ਐਤਵਾਰ ਨੂੰ ਮੁੜ ਵੱਡੀ ਗਿਣਤੀ ‘ਚ ਪੁੱਜੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿੱਤ ਘਰ ’ਚ ਗੋਲੀਬਾਰੀ ਹੋਣ ’ਤੇ ਲਾਰੈਂਸ ਬਿਸ਼ਨੋਈ ਵੱਲੋਂ ਜ਼ਿਮੇਵਾਰੀ ਲੈਣ ’ਤੇ ਸਰਕਾਰ ਨੂੰ ਫ਼ਿਰ ਕੋਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ 5 ਸਾਲ ਪਹਿਲਾਂ ਹੀ ਪੰਜਾਬੀ ਇੰਡਸਟਰੀ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਪਰ ਕੋਈ ਨਹੀਂ ਸੀ ਬੋਲਿਆ। ਉਨ੍ਹਾਂ ਕਿਹਾ ਸੀ ਕਿ ਇੱਕ ਦਿਨ ਸਭ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਇਨ੍ਹਾਂ ਨੂੰ ਪੈਸੇ ਦੇ ਰਹੇ ਹਨ ਤੇ ਕੁਝ ਇਨ੍ਹਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤ ਤਾਂ 5 ਸਾਲ ਆਪਣੀ ਹਿੱਕ ਦੇ ਦਮ ’ਤੇ ਕੱਟ ਗਿਆ ਪਰ ਤੁਸੀਂ 6 ਮਹੀਨੇ ਨਹੀਂ ਕੱਟਣੇ। ਉਨ੍ਹਾਂ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਅੱਜ ਮਜ਼ਬੂਰੀ ’ਚ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁੱਖ ਕਰਨਾ ਪੈ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਪਰ ਚੋਣਾਂ ਸਮੇਂ ਅਜਿਹੇ ਲੋਕਾਂ ਦੀ ਚੋਣ ਕਰਨ ਹੈ ਜੋ ਗੈਂਗਸਟਰ ਨਾਲ ਨਾ ਰਲੇ ਤੇ ਤੁਹਾਡੇ ਉਜਵਲ ਭਵਿੱਖ ਲਈ ਆਵਾਜ਼ ਉਠਾ ਸਕੇ।

Leave a Reply

Your email address will not be published. Required fields are marked *

View in English