7 ਜਾਅਲੀ ਜ਼ਮਾਨਤ-ਕਰਤਾ ਗ੍ਰਿਫਤਾਰ
122 ਆਧਾਰ ਕਾਰਡ, 41 ਕੁਲੈਕਟਰ ਕਾਰਡਾਂ ਸਮੇਤ ਕਈ ਜਾਅਲੀ ਦਸਤਾਵੇਜ਼ ਬਰਾਮਦ
ਮੁਲਜ਼ਮ ਕਈ ਹਾਈ ਪ੍ਰੋਫਾਈਲ ਲੋਕਾਂ ਨਾਲ ਜੁੜੇ ਹੋਏ
ਜਲੰਧਰ : ਪੰਜਾਬ ਦੇ ਜਲੰਧਰ ‘ਚ ਪੁਲਿਸ ਨੇ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਜਾਅਲੀ ਜ਼ਮਾਨਤ ਬਾਂਡ ਭਰਨ ਵਾਲੇ ਕਰੀਬ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਈ ਹਾਈ ਪ੍ਰੋਫਾਈਲ ਲੋਕਾਂ ਨਾਲ ਜੁੜੇ ਹੋਏ ਸਨ। ਪੁਲਿਸ ਜਲਦ ਹੀ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਉਕਤ ਦੋਸ਼ੀਆਂ ਵਲੋਂ ਹੁਣ ਤੱਕ ਕਿੰਨੇ ਲੋਕਾਂ ਨੂੰ ਫਰਜ਼ੀ ਜ਼ਮਾਨਤ ਦਿੱਤੀ ਗਈ ਸੀ |
ਭਾਰਗਵ ਕੈਂਪ ਥਾਣਾ ਪੁਲਸ ਨੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਤਰਲੋਕ ਸਿੰਘ ਵਾਸੀ ਫੱਤੂ ਢੀਂਗਾ (ਕਪੂਰਥਲਾ), ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ, ਸੁਖਦੇਵ ਕੁਮਾਰ ਪੁੱਤਰ ਮੋਹਨ ਲਾਲ ਸ਼ਰਮਾ, ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਰਾਮ ਵਾਸੀ ਗਾਖਲਾ ਕਾਲੋਨੀ (ਜਲੰਧਰ) ਨੂੰ ਗ੍ਰਿਫਤਾਰ ਕੀਤਾ ਹੈ। ਪੰਕਜ ਰਾਮ ਉਰਫ਼ ਗੰਜੂ, ਗੁਰਮੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਛੇਹਰਟਾ (ਅੰਮ੍ਰਿਤਸਰ) ਅਤੇ ਜੋਧਾ ਵਾਸੀ ਜਲੰਧਰ ਖ਼ਿਲਾਫ਼ ਧਾਰਾ 419, 420, 465, 467, 468, 470 ਅਤੇ 120 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਪਿਛਲੇ ਕਾਫੀ ਸਮੇਂ ਤੋਂ ਫਰਜ਼ੀ ਜ਼ਮਾਨਤ ਦੇ ਮਾਮਲੇ ਆ ਰਹੇ ਸਨ। ਪੁਲਿਸ ਨੇ ਇੱਕ ਮਾਮਲੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਜਦੋਂ ਲਿੰਕ ਜੋੜਨਾ ਸ਼ੁਰੂ ਕੀਤਾ ਤਾਂ ਭਾਰਗਵ ਕੈਂਪ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਪੁਲੀਸ ਨੇ ਸਭ ਤੋਂ ਪਹਿਲਾਂ ਮੁਲਜ਼ਮ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਅੰਮ੍ਰਿਤਸਰ ਅਤੇ ਕਪੂਰਥਲਾ ਤੋਂ ਵੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮਾਂ ਕੋਲੋਂ 122 ਜਾਅਲੀ ਆਧਾਰ ਕਾਰਡ, 41 ਜਾਅਲੀ ਜ਼ਿਲ੍ਹਾ ਕੁਲੈਕਟਰ ਕਾਰਡ ਤੇ ਨੰਬਰਦਾਰ ਕਾਰਡ, ਤਹਿਸੀਲਦਾਰ ਤੇ ਨੰਬਰਦਾਰ ਦੀਆਂ 15 ਜਾਅਲੀ ਮੋਹਰਾਂ ਅਤੇ 35 ਫਰਦਾਂ, ਇੱਕ ਕੰਪਿਊਟਰ, ਇੱਕ ਪ੍ਰਿੰਟਰ ਅਤੇ 35 ਫਰਦਾਂ ਬਰਾਮਦ ਕੀਤੀਆਂ। 7 ਸਟੈਂਪ ਪੈਡ ਅਤੇ ਵੱਡੀ ਮਾਤਰਾ ਵਿੱਚ ਹੋਰ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੁਖਦੇਵ ਕੁਮਾਰ ਅਤੇ ਰਾਕੇਸ਼ ਕੁਮਾਰ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਜਿਸ ਦਾ ਰਿਕਾਰਡ ਪੰਜਾਬ ਪੁਲਿਸ ਕੋਲ ਮੌਜੂਦ ਹੈ। ਸੁਖਦੇਵ ਕੁਮਾਰ ਖ਼ਿਲਾਫ਼ ਪਹਿਲਾਂ ਹੀ 7 ਐਫਆਈਆਰ ਦਰਜ ਹਨ। ਇਸ ਦੇ ਨਾਲ ਹੀ ਰਾਕੇਸ਼ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨਾਲ ਹੋਰ ਕਿੰਨੇ ਲੋਕ ਸ਼ਾਮਲ ਹਨ।







