ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਨੂੰ ਬਕਾਇਆ ਇੰਤਕਾਲਾਂ ਦਾ ਹਫਤੇ ਅੰਦਰ ਨਿਪਟਾਰਾ ਕਰਨ ਦੇ ਹੁਕਮ

ਫੈਕਟ ਸਮਾਚਾਰ ਸੇਵਾ

ਢਿਲਵਾਂ, ਮਾਰਚ 14

ਆਮ ਲੋਕਾਂ ਨੂੰ ਰੋਜ਼ਮਰਾ ਦੀਆਂ ਸੇਵਾਵਾਂ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਸਰਲ ਤਰੀਕੇ ਨਾਲ ਪ੍ਰਦਾਨ ਕਰਨ ਅਤੇ ਵਿਕਾਸ ਕੰਮਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਅੱਜ ਸਬ ਤਹਿਸੀਲ ਢਿਲਵਾਂ ਦਾ ਦੌਰਾ ਕੀਤਾ ਗਿਆ।

ਉਨ੍ਹਾਂ ਸਬ ਤਹਿਸੀਲ ਵਿਖੇ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਇੰਤਕਾਲ ਦੇ ਬਕਾਇਆ ਪਏ ਕੇਸਾਂ ਦਾ ਗੰਭੀਰ ਨੋਟਿਸ ਲੈਂਦਿਆ ਬਕਾਇਆ ਕੇਸਾਂ ਨੂੰ ਹਫਤੇ ਦੇ ਅੰਦਰ-ਅੰਦਰ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮੂਹ ਤਹਿਸੀਲਾਂ ਤੇ ਸਬ ਤਹਿਸੀਲਾਂ ਅੰਦਰ ਸਬੰਧਿਤ ਐਸ.ਡੀ.ਐਮਜ਼ ਆਪਸੀ ਸਮਝ ਵਾਲੇ ਕੇਸਾਂ ਵਿਚ ਇੰਤਕਾਲਾਂ ਦਾ ਸਮੇਂ ਸਿਰ ਦਰਜ਼ ਹੋਣ ਸਬੰਧੀ ਨਿੱਜੀ ਤੌਰ ’ਤੇ ਨਿਗਰਾਨੀ ਲਈ ਜ਼ਿੰਮੇਵਾਰ ਹੋਣਗੇ।

ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਵਿਚ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਪਟਵਾਰੀ ਸਿਮਰਨਜੀਤ ਸਿੰਘ ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕਰਨ ਦਾ ਵੀ ਐਲਾਨ ਕੀਤਾ,ਜਿਸ ਵਲੋਂ ਇੰਤਕਾਲ ਦੇ ਸਾਰੇ ਕੇਸਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ। ਉਨ੍ਹਾਂ ਸਬ ਤਹਿਸੀਲ ਵਿਖੇ ਕੰਮ ਕਰਵਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਵਲੋਂ ਨਗਰ ਪੰਚਾਇਤ ਢਿਲਵਾਂ ਦਾ ਵੀ ਦੌਰਾ ਕੀਤਾ ਅਤੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਆਮਦਨ ਅਤੇ ਖਰਚ ਵੇਰਵਿਆਂ ਤੋਂ ਇਲਾਵਾ ਨਗਰ ਪੰਚਾਇਤ ਨੂੰ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਢਿਲਵਾਂ ਵਿਖੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਸਥਾਪਨਾ ਲਈ ਸੀਵਰੇਜ਼ ਬੋਰਡ ਦੇ ਨਾਲ ਮਾਮਲਾ ਉਠਾਉਣ ਦਾ ਭਰੋਸਾ ਵੀ ਦਿੱਤਾ।
ਉਨ੍ਹਾਂ ਠੋਸ ਰਹਿੰਦ-ਖੂੰਹਦ ਨੂੰ ਅਲੱਗ-ਅਲੱਗ ਕਰਨ,ਪ੍ਰਾਪਰਟੀ ਟੈਕਸ ਇਕੱਤਰ ਕਰਨ ਬਾਰੇ ਵੀ ਜਾਣਕਾਰੀ ਲਈ। ਨਗਰ ਪੰਚਾਇਤ ਵਲੋਂ ਆਪਣੇ ਮਿੱਥੇ ਟੀਚੇ ਦਾ 98 ਫੀਸਦੀ ਜਾਇਦਾਦ ਕਰ ਇਕੱਤਰ ਕਰ ਲਿਆ ਗਿਆ ਹੈ।

ਇਸ ਮੌਕੇ ਐਸ.ਡੀ.ਐਮ ਸੰਜੀਵ ਸ਼ਰਮਾ,ਜ਼ਿਲ੍ਹਾ ਮਾਲ ਅਫ਼ਸਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ, ਸੂਪਰਡੈਂਟ ਮਾਲ ਸਤਬੀਰ ਸਿੰਘ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

View in English