ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਵਿੱਚ ਵੋਟਾਂ ਦੀ ਗਿਣਤੀ ਜਾਰੀ

ਫੈਕਟ ਸਮਾਚਾਰ ਸੇਵਾ

ਅੰਬਾਲਾ , ਮਈ 13

ਹਰਿਆਣਾ ਦੇ ਵੱਖ-ਵੱਖ ਨਗਰ ਨਿਗਮਾਂ ਅਤੇ ਸਥਾਨਕ ਇਕਾਈਆਂ ਦੀਆਂ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਅੱਜ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਸੂਬੇ ਦੇ ਅਹਿਮ ਸ਼ਹਿਰਾਂ ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ ਤੋਂ ਇਲਾਵਾ ਰਿਵਾੜੀ ਨਗਰ ਪਰਿਸ਼ਦ ਅਤੇ ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਪਾਲਿਕਾਵਾਂ ਵਿੱਚ ਪਈਆਂ ਵੋਟਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਇਨ੍ਹਾਂ ਚੋਣਾਂ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਅੰਕੜਿਆਂ ਅਨੁਸਾਰ ਕੁੱਲ 8,73,177 ਯੋਗ ਵੋਟਰਾਂ ਵਿੱਚੋਂ 4,75,948 ਵੋਟਰਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ। ਸ਼ਹਿਰੀ ਸਰਕਾਰਾਂ ਦੇ ਇਸ ਦੰਗਲ ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਰਹਿੰਦਾ ਹੈ, ਇਸ ‘ਤੇ ਪੂਰੇ ਸੂਬੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਚਕੂਲਾ ਟ੍ਰੈਫਿਕ ਪੁਲੀਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਵਾਲਮੀਕਿ ਚੌਕ ਤੋਂ ਸੈਕਟਰ 14 ਇੰਡਸਟਰੀਅਲ ਏਰੀਆ ਕੱਟ ਤੱਕ ਦੀ ਸੜਕ ਆਮ ਆਵਾਜਾਈ ਲਈ ਬੰਦ ਰੱਖੀ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਉਮੀਦਵਾਰਾਂ ਵੱਲੋਂ ਕੱਢੇ ਜਾਣ ਵਾਲੇ ਜਲੂਸਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *

View in English