BJP ਅਤੇ Akali Dal ਵਿਚਾਲੇ ਗਠਜੋੜ ਤੈਅ

ਸੁਖਬੀਰ ਬਾਦਲ ਅਤੇ ਸੀ.ਆਰ. ਪਾਟਿਲ ਨੇ ਤਿਆਰ ਕੀਤਾ ਰੋਡਮੈਪ

ਦਿੱਲੀ/ਲੁਧਿਆਣਾ, 28 ਅਗਸਤ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਮਿਸ਼ਨ ਮੋਡ ਵਿੱਚ ਆ ਕੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਸੀ.ਆਰ. ਪਾਟਿਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਇੱਕ ਅਹਿਮ ਬੈਠਕ ਹੋਈ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਸੰਭਾਵੀ ਗਠਜੋੜ ਦੇ ਰੋਡਮੈਪ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਸੂਤਰਾਂ ਅਨੁਸਾਰ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਹੈ।

ਇਸ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਸੀ.ਆਰ. ਪਾਟਿਲ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਪੰਜਾਬ ਦੇ ਹਾਲਾਤਾਂ ‘ਤੇ ਚਰਚਾ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਸੀ.ਆਰ. ਪਾਟਿਲ ਨੇ ਪ੍ਰਧਾਨ ਮੰਤਰੀ ਨਾਲ ਹੋਈ ਚਰਚਾ ਦੀਆਂ ਯੋਜਨਾਵਾਂ ਤੋਂ ਸੁਖਬੀਰ ਬਾਦਲ ਨੂੰ ਜਾਣੂ ਕਰਵਾਇਆ ਹੈ। ਨਵੇਂ ਸੀਟ-ਸ਼ੇਅਰਿੰਗ ਫਾਰਮੂਲੇ ਅਨੁਸਾਰ ਭਾਜਪਾ ਇਸ ਵਾਰ ਸੂਬੇ ਵਿੱਚ ‘ਵੱਡੇ ਭਰਾ’ ਦੀ ਭੂਮਿਕਾ ਨਿਭਾਏਗੀ। ਅਕਾਲੀ ਦਲ ਵੀ ਇਸ ਨਵੇਂ ਫਾਰਮੂਲੇ ‘ਤੇ ਸਹਿਮਤ ਹੋ ਗਿਆ ਹੈ ਅਤੇ ਹੁਣ ਦੋਵੇਂ ਧਿਰਾਂ ਆਪਸੀ ਸੀਟਾਂ ਦੀ ਵੰਡ ‘ਤੇ ਚਰਚਾ ਕਰ ਰਹੀਆਂ ਹਨ। ਜਲਦ ਹੀ ਦੋਵਾਂ ਨੇਤਾਵਾਂ ਵਿਚਾਲੇ ਇਕ ਹੋਰ ਬੈਠਕ ਹੋਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਵੀ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ ਅਤੇ ਪਾਰਟੀ ਦੇ ਜਨਰਲ ਸਕੱਤਰਾਂ ਨਾਲ ਚੋਣਾਂ ਸਬੰਧੀ ਸਮੀਖਿਆ ਬੈਠਕ ਕੀਤੀ। ਇਸ ਬੈਠਕ ਵਿੱਚ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ਼ ਨੇ ਰਾਸ਼ਟਰੀ ਪ੍ਰਧਾਨ ਨੂੰ ਆਪਣੇ ਹਾਲੀਆ ਪੰਜਾਬ ਦੌਰੇ ਦੀ ਵਿਸਥਾਰਤ ਰਿਪੋਰਟ ਸੌਂਪੀ। ਪਿਛਲੀਆਂ ਚੋਣਾਂ ਵਿੱਚ ਵੱਖਰੇ ਤੌਰ ‘ਤੇ ਲੜਨ ਕਾਰਨ ਵੋਟਾਂ ਦੇ ਹੋਏ ਨੁਕਸਾਨ ਨੂੰ ਦੇਖਦਿਆਂ, ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮਜ਼ਬੂਤ ਵਿਕਲਪ ਬਣਨ ਲਈ ਇੱਕ ਦੂਜੇ ਦੇ ਕੇਡਰ ਨਾਲ ਸਮਰਥਨ ਜੁਟਾਉਣ ਦੀ ਰਾਜਨੀਤਿਕ ਮਜਬੂਰੀ ਮਹਿਸੂਸ ਕਰ ਰਹੀਆਂ ਹਨ।

Leave a Reply

Your email address will not be published. Required fields are marked *

View in English